ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਵਿਚ ਸਾਰੀਆਂ ਹੀ ਵੱਡੀਆਂ ਪਾਰਟੀਆਂ ਨੇ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਵੀਂ ਦਿੱਲੀ ਸੀਟ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਵਾਲਮੀਕਿ ਮੰਦਰ ‘ਚ ਆਪਣੀਆਂ ਮਹਿਲਾ ਸਮਰਥਕਾਂ ਨਾਲ ਪੂਜਾ ਕੀਤੀ। ਇਸ ਤੋਂ ਬਾਅਦ ਉਹ ਹਨੂੰਮਾਨ ਮੰਦਰ ਲਈ ਰਵਾਨਾ ਹੋਏ।
ਇਸ ਤੋਂ ਬਾਅਦ ਉਹ ਵਰਕਰਾਂ ਨਾਲ ਰੈਲੀ ਕਰਨ ਉਪਰੰਤ ਕਲੈਕਟਰ ਦਫ਼ਤਰ ਪਹੁੰਚਣਗੇ। ਨਵੀਂ ਦਿੱਲੀ ਸੀਟ ਤੋਂ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ ਪ੍ਰਵੇਸ਼ ਵਰਮਾ ਨੂੰ ਮੈਦਾਨ ‘ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਸੰਦੀਪ ਦੀਕਸ਼ਿਤ ਨੂੰ ਮੈਦਾਨ ‘ਚ ਉਤਾਰਿਆ ਹੈ। ਇਸ ਤਰ੍ਹਾਂ ਸਾਬਕਾ ਸੀਐਮ ਕੇਜਰੀਵਾਲ ਦਾ ਮੁਕਾਬਲਾ ਦੋ ਸਾਬਕਾ ਸੀਐਮ ਦੇ ਪੁੱਤਰਾਂ ਨਾਲ ਹੋਵੇਗਾ।
ਪ੍ਰਵੇਸ਼ ਵਰਮਾ ਸਾਬਕਾ ਸੀਐਮ ਸਾਹਿਬ ਸਿੰਘ ਵਰਮਾ ਦੇ ਬੇਟੇ ਹਨ, ਜਦਕਿ ਸੰਦੀਪ ਦੀਕਸ਼ਿਤ ਸਾਬਕਾ ਸੀਐਮ ਸ਼ੀਲਾ ਦੀਕਸ਼ਿਤ ਦੇ ਬੇਟੇ ਹਨ। ਦਿੱਲੀ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ।