ਨਵੀਂ ਦਿੱਲੀ : ਜਸਪ੍ਰੀਤ ਬੁਮਰਾਹ ਲਈ ਸਾਲ 2024 ਬਹੁਤ ਵਧੀਆ ਰਿਹਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2024 ‘ਚ ICC ਕ੍ਰਿਕਟਰ ਆਫ ਦਿ ਈਅਰ ਅਤੇ ਟੈਸਟ ਪਲੇਅਰ ਆਫ ਦਿ ਈਅਰ ਬਣ ਸਕਦਾ ਹੈ। ਆਈਸੀਸੀ ਨੇ ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਦੋਵਾਂ ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਹੈ, ਉਹ ਪੁਰਸਕਾਰ ਜਿੱਤਣ ਦੀ ਦੌੜ ਵਿਚ ਸਿਖਰ ‘ਤੇ ਹੈ। 2024 ਵਿੱਚ, ਬੁਮਰਾਹ ਨੇ ਤਿੰਨੋਂ ਫਾਰਮੈਟਾਂ ਵਿੱਚ ਮਿਲਾ ਕੇ ਸਭ ਤੋਂ ਵੱਧ 86 ਵਿਕਟਾਂ ਲਈਆਂ, ਉਸ ਨੇ ਟੈਸਟ ਵਿੱਚ ਵੀ ਸਭ ਤੋਂ ਵੱਧ 71 ਵਿਕਟਾਂ ਹਾਸਲ ਕੀਤੀਆਂ।
ਉਸਦੀ ਤੇਜ਼ ਗੇਂਦਬਾਜ਼ੀ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ਵਿਚ ਵੀ ਮਦਦ ਕੀਤੀ। ਉਹ ਟੂਰਨਾਮੈਂਟ ਦਾ ਖਿਡਾਰੀ ਰਿਹਾ। ਸੋਮਵਾਰ ਨੂੰ ਆਈਸੀਸੀ ਨੇ ਸਾਲ ਦੇ ਸਰਵੋਤਮ ਕ੍ਰਿਕਟਰ ਅਤੇ ਟੈਸਟ ਕ੍ਰਿਕਟਰ ਲਈ 4-4 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਕ੍ਰਿਕਟਰ ਆਫ ਦਿ ਈਅਰ ਅਵਾਰਡ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜੋ ਤਿੰਨੋਂ ਫਾਰਮੈਟਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਇਸਦੇ ਲਈ ਉਸਨੂੰ ਸਰ ਗਾਰਫੀਲਡ ਸੋਬਰਸ ਟਰਾਫੀ ਮਿਲਦੀ ਹੈ।
ਬੁਮਰਾਹ ਤੋਂ ਇਲਾਵਾ ਇੰਗਲੈਂਡ ਦੇ ਜੋਅ ਰੂਟ, ਹੈਰੀ ਬਰੂਕ ਅਤੇ ਆਸਟਰੇਲੀਆ ਦੇ ਟ੍ਰੈਵਿਸ ਹੈੱਡ ਵੀ ਇਸ ਦੌੜ ਵਿੱਚ ਸ਼ਾਮਲ ਹਨ। ਅੰਤਰਰਾਸ਼ਟਰੀ ਕ੍ਰਿਕਟ ‘ਚ ਬੁਮਰਾਹ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸਨੇ 13 ਟੈਸਟ ਖੇਡੇ ਅਤੇ ਸਭ ਤੋਂ ਵੱਧ 71 ਵਿਕਟਾਂ ਲਈਆਂ। ਉਸ ਦੀ ਔਸਤ ਸਿਰਫ਼ 14.92 ਰਹੀ। 45 ਦੌੜਾਂ ਦੇ ਕੇ 6 ਵਿਕਟਾਂ ਇੱਕ ਪਾਰੀ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ ਸੀ। ਉਸ ਨੇ ਇਸ ਸਾਲ ਇਕ ਵੀ ਵਨਡੇ ਨਹੀਂ ਖੇਡਿਆ। ਬੁਮਰਾਹ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ।