ਰਾਜਸਥਾਨ: ਰਾਜਸਥਾਨ ਦੇ ਪੂਰਬੀ ਹਿੱਸਿਆਂ ‘ਚ ਵੱਖ-ਵੱਖ ਥਾਵਾਂ ‘ਤੇ ਹਲਕਾ ਮੀਂਹ (Light Rain) ਪਿਆ ਅਤੇ ਕਈ ਥਾਵਾਂ ‘ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ (The Meteorological Department) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ‘ਚ ਕੋਟਾ ‘ਚ ਹਲਕਾ ਮੀਂਹ ਪਿਆ, ਜਦਕਿ ਪੱਛਮੀ ਰਾਜਸਥਾਨ ‘ਚ ਮੌਸਮ ਖੁਸ਼ਕ ਰਿਹਾ।
ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਜੈਪੁਰ ਸਮੇਤ ਕਈ ਸ਼ਹਿਰਾਂ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਦਰਜ ਕੀਤੀ ਗਈ। ਨਾਗੌਰ, ਸੀਕਰ, ਦੌਸਾ, ਭਰਤਪੁਰ, ਬਾੜਮੇਰ, ਸ਼੍ਰੀਗੰਗਾਨਗਰ, ਚੁਰੂ, ਟੋਂਕ ਅਤੇ ਕੋਟਾ ‘ਚ ਸੰਘਣੀ ਧੁੰਦ ਕਾਰਨ ਹਾਈਵੇਅ ‘ਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ (24.5 ਡਿਗਰੀ ਸੈਲਸੀਅਸ) ਬਾੜਮੇਰ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਸਭ ਤੋਂ ਘੱਟ ਤਾਪਮਾਨ (2.2 ਡਿਗਰੀ ਸੈਲਸੀਅਸ) ਮਾਊਂਟ ਆਬੂ ਵਿੱਚ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਿਰੋਹੀ ਵਿੱਚ ਘੱਟੋ-ਘੱਟ ਤਾਪਮਾਨ 4.1 ਡਿਗਰੀ, ਸੀਕਰ ਵਿੱਚ 5.7 ਡਿਗਰੀ, ਫਤਿਹਪੁਰ ਵਿੱਚ 6.2 ਡਿਗਰੀ, ਚੁਰੂ ਅਤੇ ਸ੍ਰੀ ਗੰਗਾਨਗਰ ਵਿੱਚ 6.4 ਡਿਗਰੀ, ਅਜਮੇਰ ਵਿੱਚ 6.9 ਡਿਗਰੀ, ਪਿਲਾਨੀ ਵਿੱਚ ਸੱਤ ਡਿਗਰੀ ਅਤੇ ਸੰਗਰੀਆ ਅਤੇ ਜਲੋਰੇ ਵਿੱਚ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਜਧਾਨੀ ਜੈਪੁਰ ਵਿੱਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਅਤੇ ਘੱਟੋ-ਘੱਟ ਤਾਪਮਾਨ ਵਿੱਚ ਭਾਰੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।