ਰਾਜਸਥਾਨ: ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਗੜੇਮਾਰੀ ਹੋਈ। ਅੱਜ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਧੁੰਦ ਛਾਈ ਰਹੀ ਅਤੇ ਕੜਾਕੇ ਦੀ ਠੰਡ ਜਾਰੀ ਰਹੀ। ਮੌਸਮ ਵਿਭਾਗ (The Meteorology Department) ਮੁਤਾਬਕ ਅੱਜ ਸਵੇਰ ਤੱਕ 24 ਘੰਟਿਆਂ ‘ਚ ਰਾਜਸਥਾਨ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ‘ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ।
ਕਿੱਥੇ ਪਿਆ ਸਭ ਤੋਂ ਵੱਧ ਮੀਂਹ ?
ਸਭ ਤੋਂ ਵੱਧ ਮੀਂਹ ਝਾਲਾਵਾੜ ਜ਼ਿਲ੍ਹੇ ਵਿੱਚ 86 ਮਿਲੀਮੀਟਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੋਟਾ ਦੇ ਸੰਗੋਦ, ਬੂੰਦੀ ਦੇ ਨੈਣਵਾ ਅਤੇ ਬਾਰਾਨ ਜ਼ਿਲ੍ਹੇ ਦੇ ਸ਼ਾਹਬਾਦ ਵਿੱਚ 40 ਮਿਲੀਮੀਟਰ ਮੀਂਹ ਪਿਆ। ਹੋਰ ਥਾਵਾਂ ‘ਤੇ 10 ਤੋਂ 30 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ।
ਧੁੰਦ ਅਤੇ ਗੜੇਮਾਰੀ ਦਾ ਪ੍ਰਭਾਵ
ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ। ਦੌਸਾ, ਹਨੂੰਮਾਨਗੜ੍ਹ ਅਤੇ ਅਲਵਰ ਵਰਗੇ ਜ਼ਿਲ੍ਹਿਆਂ ਵਿੱਚ ਵੀ ਗੜੇ ਪਏ, ਜਿਸ ਨਾਲ ਠੰਢ ਹੋਰ ਵਧ ਗਈ।
ਤਾਪਮਾਨ ਦੇ ਹਾਲਾਤ
ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਾਰਾਂ ਦੇ ਅੰਟਾ ਵਿੱਚ 28.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਜੈਸਲਮੇਰ ਵਿੱਚ ਸਭ ਤੋਂ ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰ ਥਾਵਾਂ ‘ਤੇ ਫਲੋਦੀ ‘ਚ ਘੱਟੋ-ਘੱਟ ਤਾਪਮਾਨ 6.8 ਡਿਗਰੀ, ਸਿਰੋਹੀ ‘ਚ 9.1 ਡਿਗਰੀ, ਜੋਧਪੁਰ ‘ਚ 9.2 ਡਿਗਰੀ, ਬੀਕਾਨੇਰ ‘ਚ 9.4 ਡਿਗਰੀ ਅਤੇ ਜੈਪੁਰ ‘ਚ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।