ਜੰਮੂ: ਰਾਸ਼ਟਰੀ ਜਾਂਚ ਏਜੰਸੀ (The National Investigation Agency),(ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ‘ਚ ਇਕ ਵੱਡੇ ਅੱਤਵਾਦੀ ਮਾਮਲੇ ‘ਚ ਦੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਚਾਰਜਸ਼ੀਟ ਦਾਖਲ ਕੀਤੀ ਹੈ। ਇਹ ਮਾਮਲਾ ਵਾਹਨ ਤੋਂ ਹਥਿਆਰ, ਵਿਸਫੋਟਕ, ਗੋਲਾ ਬਾਰੂਦ ਅਤੇ ਹੋਰ ਅਪਰਾਧਕ ਸਮੱਗਰੀ ਦੀ ਬਰਾਮਦਗੀ ਨਾਲ ਸਬੰਧਤ ਹੈ। ਇਹ ਦੋਵੇਂ ਦੋਸ਼ੀ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (ਐੱਚਐੱਮ) ਨਾਲ ਸਬੰਧਤ ਹਨ।
ਐਨ.ਆਈ.ਏ. ਵੱਲੋਂ ਦਾਇਰ ਚਾਰਜਸ਼ੀਟ ਵਿੱਚ ਮੁਲਜ਼ਮਾਂ ਦੀ ਪਛਾਣ ਵਾਹਿਦ ਉਲ ਜ਼ਹੂਰ ਅਤੇ ਮੁਬਾਸ਼ਿਰ ਮਖਬੂਲ ਮੀਰ ਵਜੋਂ ਕੀਤੀ ਗਈ ਹੈ। ਵਾਹਿਦ ਉਲ ਜ਼ਹੂਰ ਉਸ ਗੱਡੀ ਦਾ ਡਰਾਈਵਰ ਸੀ, ਜਿਸ ‘ਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਸਨ, ਜਦਕਿ ਮੁਬਸ਼ਿਰ ਮਖਬੂਲ ਮੀਰ ਦਾ ਨਾਂ ਵੀ ਮਾਮਲੇ ‘ਚ ਸ਼ਾਮਲ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਮੁਲਜ਼ਮਾਂ ਦੇ ਪਾਕਿਸਤਾਨ ਸਥਿਤ ਹਿਜ਼ਬੁਲ ਮੁਜਾਹਿਦੀਨ ਦੇ ਹੈਂਡਲਰਾਂ ਨਾਲ ਸੰਪਰਕ ਸਨ, ਜੋ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਥਿਆਰ ਅਤੇ ਵਿਸਫੋਟਕ ਸਪਲਾਈ ਕਰ ਰਹੇ ਸਨ।
ਐਨ.ਆਈ.ਏ. ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ, ਜੰਮੂ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ ਅਤੇ ਕੇਸ ਦੀ ਅਗਲੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।