ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਿਣਤੀ ਸਖਤ ਪ੍ਰਸ਼ਾਸ਼ਕ ਦੇ ਰੂਪ ਵਿਚ ਕੀਤੀ ਜਾਂਦੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਧਮਕੀ ਦਿੱਤੀ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਉਸਨੇ ਇਜ਼ਰਾਈਲੀ ਬੰਧਕਾਂ ਦੀ ਤੁਰੰਤ ਰਿਹਾਈ ਲਈ ਕਿਹਾ ਹੈ।
ਟਰੰਪ ਨੇ ਕਿਹਾ ਕਿ ਜੇਕਰ 20 ਜਨਵਰੀ ਤੱਕ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਦਾ ਇਹ ਬਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਸਾਰਾ ਨੇ ਐਤਵਾਰ ਨੂੰ ਫਲੋਰੀਡਾ ਦੇ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ ‘ਚ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਇਕੱਠੇ ਡਿਨਰ ਵੀ ਕੀਤਾ। ਇਸ ਦੌਰਾਨ ਸਾਰਾ ਨੇ ਟਰੰਪ ਨਾਲ ਗਾਜ਼ਾ ਯੁੱਧ ਅਤੇ ਬੰਧਕਾਂ ਦੀ ਰਿਹਾਈ ਬਾਰੇ ਗੱਲ ਕੀਤੀ।
7 ਅਕਤੂਬਰ, 2023 ਨੂੰ, ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ, ਜਿਸ ਵਿਚ 1208 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਹਮਾਸ ਨੇ 251 ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਇਨ੍ਹਾਂ ਬੰਧਕਾਂ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਹੈ। 97 ਬੰਧਕ ਅਜੇ ਵੀ ਹਮਾਸ ਕੋਲ ਹਨ। ਇਜ਼ਰਾਇਲੀ ਫੌਜ ਮੁਤਾਬਕ ਇਨ੍ਹਾਂ ਬੰਧਕਾਂ ‘ਚੋਂ 35 ਦੀ ਵੀ ਮੌਤ ਹੋ ਗਈ ਹੈ।