ਹਵਾਈ : ਅਮਰੀਕੀ ਟਾਪੂ ‘ਤੇ ਤਾਈਵਾਨੀ ਰਾਸ਼ਟਰਪਤੀ ਦੇ ਸਵਾਗਤ ਤੋਂ ਚੀਨ ਨਾਰਾਜ਼ ਹੋ ਗਿਆ ਹੈ। ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਪ੍ਰਸ਼ਾਂਤ ਟਾਪੂਆਂ ਦੀ ਇੱਕ ਹਫ਼ਤੇ ਦੀ ਯਾਤਰਾ ‘ਤੇ ਹਨ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਅਮਰੀਕਾ ਦੇ ਹਵਾਈ ਸੂਬੇ ਤੋਂ ਕੀਤੀ, ਜਿੱਥੇ ਉਨ੍ਹਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਅਮਰੀਕਾ ਨੇ ਤਾਇਵਾਨ ਨੂੰ ਹੋਰ ਹਥਿਆਰ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਇਸ ਫੈਸਲੇ ਨਾਲ ਚੀਨ ਨਾਰਾਜ਼ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ ਲਗਭਗ 385 ਮਿਲੀਅਨ ਡਾਲਰ ਦੇ ਸਪੇਅਰ ਪਾਰਟਸ ਅਤੇ F-16 ਜੈੱਟ ਅਤੇ ਰਾਡਾਰਾਂ ਲਈ ਸਹਾਇਤਾ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਲ ਜਜ਼ੀਰਾ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਪੂਰੀ ਘਟਨਾ ‘ਤੇ ਨੇੜਿਓਂ ਨਜ਼ਰ ਰੱਖੇਗਾ ਅਤੇ ਆਪਣੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਠੋਸ ਕਦਮ ਚੁੱਕੇਗਾ।
ਹਥਿਆਰਾਂ ਦੀ ਵਿਕਰੀ ਦੇ ਮੁੱਦੇ ‘ਤੇ ਚੀਨ ਨੇ ਕਿਹਾ ਅਮਰੀਕਾ ਦਾ ਇਹ ਫੈਸਲਾ ਤਾਈਵਾਨ ਦੀ ਸੁਤੰਤਰ ਫੋਰਸ ਨੂੰ ਗਲਤ ਸੰਦੇਸ਼ ਦੇਵੇਗਾ। ਅਸੀਂ ਇਸ ‘ਤੇ ਜਵਾਬੀ ਕਾਰਵਾਈ ਕਰਾਂਗੇ। ਲਾਈ ਚਿੰਗ ਨੇ ਕਿਹਾ ਕਿ ਅਮਰੀਕਾ ਅਤੇ ਤਾਈਵਾਨ ਨੂੰ ਜੰਗ ਰੋਕਣ ਲਈ ਮਿਲ ਕੇ ਲੜਨਾ ਚਾਹੀਦਾ ਹੈ। ਸ਼ਾਂਤੀ ਅਨਮੋਲ ਹੈ ਅਤੇ ਜੰਗ ਵਿੱਚ ਕੋਈ ਜੇਤੂ ਨਹੀਂ ਹੈ।