ਅਮਰੀਕਾ : ਡੋਨਾਲਡ ਟਰੰਪ ਨੇ ਰਾਬਰਟ ਕੈਨੇਡੀ ਨੂੰ ਆਪਣੀ ਕੈਬਿਨੇਟ ਵਿਚ ਸਿਹਤ ਮੰਤਰੀ ਬਣਾਇਆ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਰਾਬਰਟ ਐੱਫ. ਕੈਨੇਡੀ ਜੂਨੀਅਰ ਨੂੰ ਸਿਹਤ ਵਿਭਾਗ ਦਾ ਕੰਮ ਸੌਂਪਿਆ ਗਿਆ ਹੈ। ਇਸ ਦੌਰਾਨ ਡੋਨਾਲਡ ਟਰੰਪ ਅਤੇ ਰਾਬਰਟ ਕੈਨੇਡੀ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਦੋਵੇਂ ਬਰਗਰ ਖਾਂਦੇ ਨਜ਼ਰ ਆ ਰਹੇ ਹਨ।
ਦਰਅਸਲ, ਇਹ ਉਹੀ ਰਾਬਰਟ ਐੱਫ. ਕੈਨੇਡੀ ਜੂਨੀਅਰ ਹੈ, ਜੋ ਚੋਣਾਂ ਦੌਰਾਨ ਫਾਸਟ ਫੂਡ ਦਾ ਵੱਡਾ ਆਲੋਚਕ ਸੀ। ਇਕ ਸਮਾਂ ਸੀ ਜਦੋਂ ਰਾਬਰਟ ਕੈਨੇਡੀ ਨੇ ਟਰੰਪ ਦੇ ਫਾਸਟ ਫੂਡ ਦੇ ਸ਼ੌਕ ਦੀ ਆਲੋਚਨਾ ਕੀਤੀ ਸੀ, ਪਰ ਹੁਣ ਉਹ ਉਨ੍ਹਾਂ ਨਾਲ ਫਾਸਟ ਫੂਡ ਖਾਂਦੇ ਨਜ਼ਰ ਆ ਰਹੇ ਹਨ। ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਇਸ ਤਸਵੀਰ ਵਿੱਚ ਰੌਬਰਟ ਐਫ ਕੈਨੇਡੀ, ਐਲੋਨ ਮਸਕ, ਡੋਨਾਲਡ ਟਰੰਪ ਅਤੇ ਮਾਈਕ ਜੌਨਸਨ ਮੌਜੂਦ ਹਨ। ਇਸ ਫੋਟੋ ਵਿੱਚ, ਕੈਨੇਡੀ ਜੂਨੀਅਰ ਦੇ ਹੱਥਾਂ ਵਿੱਚ ਇੱਕ ਮੈਕਡੋਨਲਡ ਬਰਗਰ ਹੈ। ਮੇਜ਼ ‘ਤੇ ਕੋਕਾ-ਕੋਲਾ ਦੀ ਬੋਤਲ ਵੀ ਪਈ ਹੈ। ਇਸ ਤਸਵੀਰ ਦੇ ਨਾਲ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, ਅਮਰੀਕਾ ਨੂੰ ਇੱਕ ਵਾਰ ਫਿਰ ਸਿਹਤਮੰਦ ਬਣਾਇਆ ਜਾਵੇਗਾ। ਰਾਬਰਟ ਕੈਨੇਡੀ ਨੇ ਟਰੰਪ ਦੇ ਖਾਣੇ ਨੂੰ ‘ਜ਼ਹਿਰੀਲਾ’ ਦੱਸਿਆ ਸੀ। ਕੈਨੇਡੀ ਜੂਨੀਅਰ ਕਰਿਆਨੇ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ ਤੋਂ ਪ੍ਰੋਸੈਸਡ ਭੋਜਨਾਂ ਨੂੰ ਹਟਾਉਣ ਦੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ।