ਮੁੰਬਈ : ਅਦਾਕਾਰ ਸਲਮਾਨ ਖਾਨ (Actor Salman Khan) ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਇੱਕ ਵਿਅਕਤੀ ਨੇ ਅਦਾਕਾਰ ਸ਼ਾਹਰੁਖ ਖਾਨ (Actor Shah Rukh Khan) ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨਾਲ-ਨਾਲ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ।
ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਕਾਲ ਕਰਨ ਵਾਲੇ ਵਿਅਕਤੀ ਦੀ ਆਖਰੀ ਲੋਕੇਸ਼ਨ ਰਾਏਪੁਰ ਪਾਈ ਗਈ ਹੈ। ਇਸ ਦੇ ਲਈ ਮਹਾਰਾਸ਼ਟਰ ਪੁਲਿਸ ਦੀ ਇੱਕ ਟੀਮ ਰਾਏਪੁਰ ਭੇਜੀ ਗਈ ਹੈ। ਦੋਸ਼ੀ ਨੇ ਸ਼ਾਹਰੁਖ ਖਾਨ ਤੋਂ ਮੋਟੀ ਫਿਰੌਤੀ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਧਮਕੀ ਭਰਿਆ ਕਾਲ ਸ਼ਾਹਰੁਖ ਖਾਨ ਨੂੰ ਨਹੀਂ ਸਗੋਂ ਮੁੰਬਈ ਪੁਲਿਸ ਦੇ ਇਕ ਕਾਂਸਟੇਬਲ ਨੂੰ ਆਇਆ। ਜਿਸ ਵਿੱਚ ਉਸ ਨੇ ਆਪਣਾ ਨਾਂ ਹਿੰਦੁਸਤਾਨੀ ਦੱਸਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਕੀ ਭਰੀ ਕਾਲ ਰਾਏਪੁਰ ਤੋਂ ਆਈ ਹੈ ਅਤੇ ਫੈਜ਼ਾਨ ਖਾਨ ਨਾਂ ਦੇ ਵਿਅਕਤੀ ਵੱਲੋਂ ਕੀਤੀ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਰਾਏਪੁਰ ਦੇ ਐੱਸ.ਐੱਸ.ਪੀ. ਸੰਤੋਸ਼ ਸਿੰਘ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਦੋਸ਼ ‘ਚ ਰਾਏਪੁਰ ਦੇ ਪੰਡਾਰੀ ਥਾਣਾ ਖੇਤਰ ‘ਚ ਰਹਿਣ ਵਾਲੇ ਫੈਯਾਜ਼ ਖਾਨ ਨਾਂ ਦੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਪੁੱਛਗਿੱਛ ਲਈ ਨੋਟਿਸ ਦਿੱਤਾ ਹੈ।
ਪਿਛਲੇ ਸਾਲ ਅਕਤੂਬਰ ਵਿੱਚ ਵੀ ਮਿਲੀ ਸੀ ਧਮਕੀ
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਹਮੇਸ਼ਾ ਹੀ ਅੰਡਰਵਰਲਡ ਦੀ ਹਿੱਟ ਲਿਸਟ ‘ਚ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪਿਛਲੇ ਸਾਲ ਅਕਤੂਬਰ ‘ਚ ਵੀ ਫਿਲਮ ‘ਪਠਾਨ’ ਅਤੇ ‘ਜਵਾਨ’ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਅਦਾਕਾਰ ਨੇ ਇਸ ਸਬੰਧ ਵਿੱਚ ਮਹਾਰਾਸ਼ਟਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ Y+ ਸੁਰੱਖਿਆ ਦਿੱਤੀ ਗਈ ਸੀ।