ਹਰਿਆਣਾ : ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਸਰਕਾਰ (The Government) ਨੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਤਿਉਹਾਰ ਤੋਂ ਠੀਕ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ (A Union Cabinet Meeting) ਵਿੱਚ ਸਰਕਾਰ ਨੇ ਹਾੜੀ ਦੀਆਂ 6 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਸਰਕਾਰ 87,657 ਕਰੋੜ ਰੁਪਏ ਖਰਚ ਕਰੇਗੀ। ਛੇ ਹਾੜੀ ਫਸਲਾਂ – ਕਣਕ, ਛੋਲੇ, ਦਾਲ, ਸਰ੍ਹੋਂ, ਜੌਂ ਅਤੇ ਸੂਰਜਮੁਖੀ ਦੇ ਬੀਜਾਂ ਲਈ ਨਵੇਂ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਗਿਆ ਹੈ।
ਸਰ੍ਹੋਂ ਦੇ ਐਮ.ਐਸ.ਪੀ. ਵਿੱਚ 300 ਰੁਪਏ ਅਤੇ ਕਣਕ ਵਿੱਚ 150 ਰੁਪਏ ਦਾ ਹੋਇਆ ਹੈ ਵਾਧਾ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਘੱਟੋ-ਘੱਟ ਸਮਰਥਨ ਮੁੱਲ ਦੇ ਰੇਟਾਂ ਵਿੱਚ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 150 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਨਵਾਂ ਰੇਟ 2425 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਇਸੇ ਤਰ੍ਹਾਂ ਸਰ੍ਹੋਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 300 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਨਵੀਂ ਖਰੀਦ ਦਰ 5,950 ਰੁਪਏ ਪ੍ਰਤੀ ਕੁਇੰਟਲ ਹੋਵੇਗੀ।
ਨਵੀਂ ਐਮ.ਐਸ.ਪੀ. ਦਰਾਂ ਵਿੱਚ ਜੌਂ ਦੀ ਕੀਮਤ ਵਿੱਚ 130 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਨਵਾਂ ਰੇਟ 1980 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਇਸੇ ਤਰ੍ਹਾਂ ਛੋਲੇ (ਦੇਸੀ) ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 210 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਨਵਾਂ ਰੇਟ 5,650 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਦਾਲ ਦੀ ਕੀਮਤ ਵਿੱਚ 275 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੀ ਨਵੀਂ ਐਮ.ਐਸ.ਪੀ. ਦਰ 6700 ਰੁਪਏ ਪ੍ਰਤੀ ਕੁਇੰਟਲ ਹੈ। ਜਦੋਂ ਕਿ ਤੇਲ ਬੀਜ ਫ਼ਸਲ ਸੂਰਜਮੁਖੀ ਦੇ ਬੀਜਾਂ ਦੇ ਰੇਟ ਵਿੱਚ 140 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਨਵਾਂ ਰੇਟ 5940 ਰੁਪਏ ਪ੍ਰਤੀ ਕੁਇੰਟਲ ਹੋਵੇਗਾ।