ਬਮਿਆਲ : ਸਰਹੱਦੀ ਖੇਤਰ ‘ਚ ਪਿਛਲੇ ਕੁਝ ਮਹੀਨਿਆਂ ਤੋਂ ਡਰੋਨ ਦੀ ਆਵਾਜਾਈ ਵਧ ਰਹੀ ਹੈ। ਬੀਤੀ ਰਾਤ 9 ਵਜੇ ਦੇ ਕਰੀਬ ਭਾਰਤ-ਪਾਕਿਸਤਾਨ ਸਰਹੱਦ ਲਾਈਨ ਤੋਂ ਕਰੀਬ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਨਕੀਆਂ ‘ਚ ਐਡਵੋਕੇਟ ਵਿਜੇ ਰਾਣਾ ਨਾਂ ਦੇ ਵਿਅਕਤੀ ਨੇ ਡਰੋਨ ਦੀ ਹਰਕਤ ਦੇਖਣ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ ਵਿਜੇ ਰਾਣਾ ਨੇ ਪੰਜਾਬ ਪੁਲਿਸ ਨੂੰ ਫੋਨ ਕੀਤਾ।
ਇਸ ਦੌਰਾਨ ਐਸ.ਐਚ.ਓ ਨਰੋਟ ਜੈਮਲ ਸਿੰਘ ਅਤੇ ਅੰਗਰੇਜ਼ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਰਾਤ ਨੂੰ ਮਾਮਲੇ ਦੀ ਜਾਂਚ ਕੀਤੀ ਅਤੇ ਸਵੇਰੇ ਐੱਸ.ਓ.ਜੀ. ਕਮਾਂਡੋਜ਼ ਦੇ ਨਾਲ ਇਲਾਕੇ ‘ਚ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਦੋਂ ਐੱਸ.ਐੱਚ.ਓ. ਅੰਗਰੇਜ਼ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਵਕੀਲ ਵਿਜੇ ਰਾਣਾ ਨੇ ਸਪੱਸ਼ਟ ਕਿਹਾ ਕਿ ਬੀਤੀ ਰਾਤ ਕਰੀਬ 9 ਵਜੇ ਉਹ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ ਤਾਂ ਅਚਾਨਕ ਅਸਮਾਨ ਵਿੱਚ ਲਾਲ ਬੱਤੀ ਦਿਖਾਈ ਦਿੱਤੀ। ਉਸ ਨੇ ਧਿਆਨ ਨਾਲ ਦੇਖਿਆ ਤਾਂ ਇਹ ਡਰੋਨ ਸੀ। ਡਰੋਨ ’ਤੇ ਸ਼ੱਕ ਹੋਣ ’ਤੇ ਉਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ। ਪੰਜਾਬ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਸਵੇਰੇ ਇਲਾਕੇ ‘ਚ ਵੱਡੀ ਤਲਾਸ਼ੀ ਮੁਹਿੰਮ ਚਲਾਈ।