Home ਸੰਸਾਰ ਬਰਤਾਨੀਆ ‘ਚ ਪਹਿਲੀ ਵਾਰ ਕੀਰਤਨ ਨੂੰ ਸੰਗੀਤ ਸਿੱਖਿਆ ਦੇ ਗ੍ਰੇਡ ਸਿਸਟਮ ‘ਚ...

ਬਰਤਾਨੀਆ ‘ਚ ਪਹਿਲੀ ਵਾਰ ਕੀਰਤਨ ਨੂੰ ਸੰਗੀਤ ਸਿੱਖਿਆ ਦੇ ਗ੍ਰੇਡ ਸਿਸਟਮ ‘ਚ ਕੀਤਾ ਗਿਆ ਸ਼ਾਮਲ

0

ਬਰਤਾਨੀਆ : ਬਰਤਾਨੀਆ (Britain) ਵਿੱਚ ਪਹਿਲੀ ਵਾਰ ਕੀਰਤਨ ਨੂੰ ਸੰਗੀਤ ਸਿੱਖਿਆ ਦੇ ਗ੍ਰੇਡ ਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਅੱਜ ਤੋਂ ਰਸਮੀ ਤੌਰ ‘ਤੇ ‘ਸਿੱਖ ਪਵਿੱਤਰ ਸੰਗੀਤ’ ਨਾਲ ਸਬੰਧਤ ਪਾਠਕ੍ਰਮ ਦਾ ਅਧਿਐਨ ਕਰ ਸਕਣਗੇ। ਬਰਮਿੰਘਮ ਦੇ ਸੰਗੀਤਕਾਰ ਅਤੇ ਅਕਾਦਮਿਕ ਹਰਜਿੰਦਰ ਲਾਲੀ ਨੇ ਕਈ ਸਾਲਾਂ ਤੋਂ ਕੀਰਤਨ ਨੂੰ ਪੱਛਮੀ ਸ਼ਾਸਤਰੀ ਸੰਗੀਤ ਵਾਂਗ ਮਹੱਤਤਾ ਦੇਣ ਲਈ ਕੰਮ ਕੀਤਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਰਵਾਇਤੀ ਸੰਗੀਤਕ ਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਸਿੱਖ ਧਰਮ ਵਿੱਚ, ਕੀਰਤਨ ਨੂੰ ‘ਗੁਰੂ ਗ੍ਰੰਥ ਸਾਹਿਬ’ ਵਿੱਚ ਮੌਜੂਦ ‘ਸ਼ਬਦਾਂ’ ਦਾ ਗਾਇਨ ਮੰਨਿਆ ਜਾਂਦਾ ਹੈ, ਅਤੇ ਸ਼ਰਧਾ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਲੰਡਨ ਸਥਿਤ ਮਿਊਜ਼ਿਕ ਟੀਚਰਜ਼ ਬੋਰਡ (ਐੱਮ. ਟੀ. ਬੀ.) ਹੁਣ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ‘ਸਿੱਖ ਸੈਕਰਡ ਮਿਊਜ਼ਿਕ’ ਕੋਰਸ ਪੇਸ਼ ਕਰੇਗਾ।

ਗੁਰਮਤਿ ਸੰਗੀਤ ਅਕੈਡਮੀ ਦੇ ਅਧਿਆਪਕ ਡਾ: ਲਾਲੀ ਨੇ ਕਿਹਾ- ‘ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਵਿਰਸੇ ਨੂੰ ਸੰਭਾਲ ਸਕੀਏ। ਇਸ ਕੋਰਸ ਨੂੰ ਮਨਜ਼ੂਰੀ ਅਤੇ ਲਾਂਚ ਕਰਨ ਲਈ 10 ਸਾਲ ਦੀ ਸਖ਼ਤ ਮਿਹਨਤ ਕੀਤੀ ਗਈ ਹੈ। ਮੈਨੂੰ ਮਾਣ ਹੈ ਕਿ ਹੁਣ ਸਾਡੀ ਮਿਹਨਤ ਰੰਗ ਲਿਆਈ ਹੈ।

ਉਨ੍ਹਾਂ ਕਿਹਾ ਕਿ ਪੱਛਮੀ ਸਰੋਤਿਆਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਸਿੱਖ ਕੀਰਤਨ ਵਾਇਲਨ, ਪਿਆਨੋ ਜਾਂ ਹੋਰ ਪੱਛਮੀ ਸਮਕਾਲੀ ਸੰਗੀਤ ਸ਼ੈਲੀਆਂ ਤੋਂ ਘੱਟ ਨਹੀਂ ਹੈ। ਇਹ ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਪੰਜ ਭਾਰਤੀ ਯੰਤਰਾਂ- ਦਿਲਰੁਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ ਨੂੰ ਮਾਨਤਾ ਦਿੰਦਾ ਹੈ।

Exit mobile version