HomePunjabਵਿਜੀਲੈਂਸ ਬਿਊਰੋ ਵੱਲੋਂ ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਘੁਟਾਲੇ ’ਚ ਇੱਕ...

ਵਿਜੀਲੈਂਸ ਬਿਊਰੋ ਵੱਲੋਂ ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਘੁਟਾਲੇ ’ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਹੋਏ ਘੁਟਾਲੇ ਦੇ ਮੁਲਜ਼ਮ ਸਤੀਸ਼ ਬਾਂਸਲ, ਵਾਸੀ ਵਿਸ਼ਾਲ ਨਗਰ, ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਤੀਸ਼ ਬਾਂਸਲ, ਚੰਚਲ ਕੁਮਾਰ ਅਤੇ ਉਸ ਦੀ ਪਤਨੀ ਪਰਵੀਨ ਲਤਾ ਵਾਸੀ ਬਠਿੰਡਾ ਨਾਲ ‘ਅਗਰਵਾਲ ਸਟੀਲ ਇੰਡਸਟਰੀਜ਼’ ਫਰਮ ਵਿੱਚ ਭਾਈਵਾਲ ਸੀ। ਇਸ ਮਾਮਲੇ ਵਿੱਚ ਪਰਵੀਨ ਲਤਾ ਅਤੇ ਚੰਚਲ ਕੁਮਾਰ ਦਾ ਭਰਾ ਮੁਕੇਸ਼ ਜਿੰਦਲ ਦੋਵੇਂ ਮੁਲਜ਼ਮ ਹਨ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਅਗਰਵਾਲ ਸਟੀਲ ਇੰਡਸਟਰੀਜ਼ ਨੇ ਸਤੀਸ਼ ਬਾਂਸਲ, ਪਰਵੀਨ ਲਤਾ ਅਤੇ ਮੁਕੇਸ਼ ਜਿੰਦਲ ਦੇ ਪਿਤਾ ਦੇਸ ਰਾਜ ਜ਼ਰੀਏ ਫਰਵਰੀ 2018 ਵਿੱਚ ਪਿੰਡ ਬਾਕਰਪੁਰ ਵਿਖੇ 3 ਏਕੜ ਜ਼ਮੀਨ ਬਰਾਬਰ ਹਿੱਸੇਦਾਰੀ ਨਾਲ ਖਰੀਦੀ ਸੀ। ਉਕਤ ਜ਼ਮੀਨ ਨੂੰ ਖਰੀਦਣ ਉਪਰੰਤ ਉਨ੍ਹਾਂ ਨੇ ਇਸ ਜ਼ਮੀਨ ’ਤੇ ਅਮਰੂਦ ਦੇ ਪੌਦੇ ਲਗਾ ਦਿੱਤੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮਾਂ ਨੇ ਮਾਲ ਵਿਭਾਗ, ਬਾਗਬਾਨੀ ਵਿਭਾਗ ਅਤੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਦਿਖਾ ਕੇ ਕਿ ਇਹ ਬੂਟੇ 2016 ਵਿੱਚ ਲਗਾਏ ਗਏ ਹਨ, ਗਲਤ ਢੰਗ ਨਾਲ ਮੁਆਵਜ਼ੇ ਵਜੋਂ ਕਰੋੜਾਂ ਰੁਪਏ ਵਸੂਲ ਲਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਘਪਲੇ ਦੇ ਮਾਸਟਰਮਾਈਂਡ ਭੁਪਿੰਦਰ ਸਿੰਘ, ਮੁਕੇਸ਼ ਜਿੰਦਲ ਅਤੇ ਹੋਰਾਂ ਦੀ ਸਹਾਇਤਾ ਨਾਲ ਸਤੀਸ਼ ਬਾਂਸਲ ਨੇ ਆਪਣੀ 12 ਕਨਾਲ 13 ਮਰਲੇ ਜ਼ਮੀਨ ਵਿੱਚ ਲਗਾਏ ਪੌਦਿਆਂ ਲਈ ਦਾਅਵਾ ਕਰਕੇ 1.54 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ, ਜਦੋਂ ਕਿ ਉਸਦੀ ਫਰਮ ਦੀ ਮਾਲਕੀਅਤ ਅਧੀਨ ਸਿਰਫ 8 ਕਨਾਲ ਹੀ ਸਨ।

ਇਸ ਤੋਂ ਇਲਾਵਾ, ਗਮਾਡਾ ਦੇ ਲੈਂਡ ਐਕੂਜੀਸ਼ਨ ਆਫ਼ਸਰ ਨੇ ਸਤੀਸ਼ ਬਾਂਸਲ ਸਮੇਤ ਉਪਰੋਕਤ ਮਾਲਕਾਂ ਨੂੰ ਜ਼ਮੀਨ/ਬਾਗ਼ ਦੇ ਸਵੈ-ਦਾਅਵੇ ਦੇ ਆਧਾਰ ’ਤੇ ਅਮਰੂਦ ਦੇ ਪੌਦਿਆਂ ਦਾ ਮੁਆਵਜ਼ਾ ਜਾਰੀ ਕੀਤਾ ਸੀ, ਜਦੋਂ ਕਿ ਜ਼ਿਆਦਾਤਰ ਜ਼ਮੀਨ ਸਾਂਝੀ ਮਾਲਕੀਅਤ ਅਧੀਨ ਹੈ ਅਤੇ ਸਹਿ-ਮਾਲਕਾਂ ਦਰਮਿਆਨ ਸ਼ੇਅਰਾਂ ਦੀ ਵੰਡ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਮੁਆਵਜ਼ੇ ਸਬੰਧੀ ਘੁਟਾਲੇ ਵਿੱਚ ਸਥਾਨਕ ਅਦਾਲਤ ਨੇ ਮੁਲਜ਼ਮ ਬਾਗਬਾਨੀ ਵਿਕਾਸ ਅਫ਼ਸਰ ਵੈਸ਼ਾਲੀ ਅਤੇ ਮੁਲਜ਼ਮ ਲਾਭਪਾਤਰੀ ਗੁਰਪ੍ਰੀਤ ਕੌਰ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments