ਗਾਂਧੀਨਗਰ: ਗਾਂਧੀਨਗਰ ਨੇੜੇ ਕੁਡਾਸਨ ਇਲਾਕੇ ਵਿੱਚ ਬੀਤੀ ਰਾਤ ਕਰੀਬ 9 ਵਜੇ ਇੱਕ ਨਿਰਮਾਣ ਅਧੀਨ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਪਹਿਲਾਂ ਦੱਸਿਆ ਗਿਆ ਸੀ ਕਿ ਇਹ ਹਾਦਸਾ ਕਰੇਨ ਦੇ ਡਿੱਗਣ ਕਾਰਨ ਵਾਪਰਿਆ ਹੈ। ਚਸ਼ਮਦੀਦਾਂ ਮੁਤਾਬਕ ‘ਬੋਸਕੀ ਦਿ ਐਂਪਾਇਰ’ ਕਮਰਸ਼ੀਅਲ ਮਾਲ ਨਾਂ ਦੇ ਇਸ ਪ੍ਰਾਜੈਕਟ ਵਿਚ ਦੋ ਇਮਾਰਤਾਂ ਨੂੰ ਜੋੜਨ ਲਈ ਇਕ ਸਲੈਬ ਬਣਾਈ ਜਾ ਰਹੀ ਸੀ। ਇਸ ਦੇ ਡਿੱਗਣ ਕਾਰਨ ਹੇਠਾਂ ਕੰਮ ਕਰਦੇ ਕਈ ਮਜ਼ਦੂਰ ਦੱਬ ਗਏ।
ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਦੇ ਅਨੁਸਾਰ, 15 ਕਰਮਚਾਰੀ ਜ਼ਖਮੀ ਹੋਏ ਹਨ, ਕੁਝ ਆਈ.ਸੀ.ਯੂ. ਵਿੱਚ ਹਨ। 3 ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਸਲੈਬ ਦਾ ਭਾਰ 100 ਟਨ ਤੋਂ ਵੱਧ ਸੀ, ਜਿਸ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਸਾਈਟ ਮੈਨੇਜਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਮਲਬੇ ਵਿੱਚ ਕੋਈ ਕਰਮਚਾਰੀ ਨਹੀਂ ਹੈ। ਪਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਦੋਂ ਤੱਕ ਸਾਰਾ ਮਲਬਾ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਕਾਰਵਾਈ ਜਾਰੀ ਰਹੇਗੀ।











