ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਵਿੱਚ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਸ਼ਰਧਾਲੂਆਂ ਨੂੰ ਲੰਬੇ ਸਮੇਂ ਤੱਕ ਹਵਾਈ ਅੱਡੇ ’ਤੇ ਰੁਕਣਾ ਪਿਆ ਅਤੇ ਉਨ੍ਹਾਂ ਨੂੰ ਭਾਰਤ ਲਈ ਆਪਣੀ ਯਾਤਰਾ ਜਾਰੀ ਰੱਖਣ ਤੋਂ ਪਹਿਲਾਂ ਨੋ ਆਬਜੈਕਸ਼ਨ ਸਰਟੀਫਿਕੇਟ (NOC) ਪੇਸ਼ ਕਰਨ ਲਈ ਕਿਹਾ ਗਿਆ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਭਾਰਤ ਦੇ ਵੈਧ ਵੀਜ਼ੇ ਹਨ ਅਤੇ ਉਹ ਧਾਰਮਿਕ ਯਾਤਰਾ ਲਈ ਪਹਿਲਾਂ ਤੋਂ ਤਿਆਰੀ ਕਰਕੇ ਹਵਾਈ ਟਿਕਟਾਂ ਖਰੀਦ ਚੁੱਕੇ ਸਨ। ਰਿਪੋਰਟਾਂ ਅਨੁਸਾਰ ਇਹ ਜਥਾ ਫੈਸਲਾਬਾਦ ਤੋਂ ਪਹਿਲਾਂ ਸ਼ਾਰਜਾਹ ਅਤੇ ਉਥੋਂ ਦਿੱਲੀ ਜਾਣ ਵਾਲਾ ਸੀ। ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ NOC ਦੀ ਮੰਗ ਕੀਤੇ ਜਾਣ ਤੋਂ ਬਾਅਦ ਯਾਤਰਾ ਰੁਕ ਗਈ।
ਜਥੇ ਦੇ ਆਗੂ ਪਪਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਹਵਾਈ ਅੱਡੇ ’ਤੇ ਪਹੁੰਚਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਭਾਰਤ ਜਾਣ ਲਈ ਹਵਾਈ ਰਸਤੇ ਦੀ ਬਜਾਏ ਅਟਾਰੀ-ਵਾਹਗਾ ਜ਼ਮੀਨੀ ਰਸਤਾ ਅਪਣਾਉਣ ਲਈ ਕਿਹਾ ਗਿਆ ਸੀ। ਹਾਲਾਂਕਿ NOC ਦੀ ਲੋੜ ਸਬੰਧੀ ਨਿਯਮਾਂ ਨੂੰ ਲੈ ਕੇ ਸ਼ਰਧਾਲੂਆਂ ਅਤੇ ਅਧਿਕਾਰੀਆਂ ਵਿਚਕਾਰ ਸਥਿਤੀ ਸਪੱਸ਼ਟ ਨਹੀਂ ਹੋ ਸਕੀ।
ਇਹ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਸਮੇਤ ਭਾਰਤ ਦੇ ਸਿੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਆ ਰਹੇ ਸਨ। ਇਸ ਘਟਨਾ ਕਾਰਨ ਸ਼ਰਧਾਲੂਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਰਿਪੋਰਟ ਮੁਤਾਬਕ ਜਥੇ ਦੇ ਮੈਂਬਰਾਂ ਨੇ ਦੱਸਿਆ ਕਿ ਯਾਤਰਾ ਲਈ ਉਨ੍ਹਾਂ ਵੱਲੋਂ ਮਹਿੰਗੀਆਂ ਹਵਾਈ ਟਿਕਟਾਂ ਵੀ ਖਰੀਦੀਆਂ ਗਈਆਂ ਸਨ।
ਫਿਲਹਾਲ ਫੈਸਲਾਬਾਦ ਹਵਾਈ ਅੱਡੇ ’ਤੇ ਰੋਕੇ ਗਏ ਸ਼ਰਧਾਲੂਆਂ ਦੀ ਯਾਤਰਾ ਕਦੋਂ ਮੁੜ ਸ਼ੁਰੂ ਹੋਵੇਗੀ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਮਾਮਲੇ ਵਿੱਚ NOC ਦੀ ਲੋੜ ਅਤੇ ਯਾਤਰਾ ਰੋਕਣ ਦੇ ਅਧਿਕਾਰਤ ਕਾਰਨਾਂ ਬਾਰੇ ਹੋਰ ਸਪੱਸ਼ਟੀਕਰਨ ਦੀ ਉਡੀਕ ਹੈ।












