ਪੇਰੂ : ਪੇਰੂ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਪੁਨੋ ਖੇਤਰ ਦੇ ਹੁਆਨਕੇਨ ਸੂਬੇ ਦੀ ਰਾਜਧਾਨੀ ਹੁਆਨਕੇਨ ਵਿੱਚ ਵੀਰਵਾਰ ਨੂੰ ਇੱਕ ਰੈਸਟੋਰੈਂਟ-ਬਾਰ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਵੇਲੇ ਇਹ ਹਾਦਸਾ ਹੋਇਆ, ਉਸ ਵੇਲੇ ਉੱਥੇ ਇੱਕ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਅਤੇ ਕਈ ਵਿਦਿਆਰਥੀ ਮੌਜੂਦ ਸਨ। ਅਚਾਨਕ ਅੱਗ ਲੱਗਣ ਨਾਲ ਹੰਗਾਮਾ ਮੱਚ ਗਿਆ ਅਤੇ ਲੋਕ ਚੀਕਦੇ ਹੋਏ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਰਫ਼ਤਾਰ ਨਾਲ ਫੈਲੀਆਂ ਕਿ ਹਾਦਸੇ ਵਾਲੀ ਥਾਂ ਦੇ ਨਾਲ ਹੀ ਆਸ-ਪਾਸ ਦੇ ਘਰਾਂ ਵਿੱਚ ਵੀ ਧੂੰਆਂ ਭਰ ਗਿਆ। ਅੱਗ ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ ਲਈ ਕਾਫੀ ਮਿਹਨਤ ਕਰਨੀ ਪਈ।
10 ਲੋਕਾਂ ਦੀ ਮੌਤ
ਪੇਰੂ ਦੇ ਪੁਨੋ ਖੇਤਰ ਦੇ ਹੁਆਨਕੇਨ ਸੂਬੇ ਦੀ ਰਾਜਧਾਨੀ ਹੁਆਨਕੇਨ ਵਿੱਚ ਇੱਕ ਰੈਸਟੋਰੈਂਟ-ਬਾਰ ਵਿੱਚ ਅੱਗ ਲੱਗਣ ਨਾਲ ਦਸ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਅੱਠ ਮੁੰਡੇ ਅਤੇ ਦੋ ਕੁੜੀਆਂ ਸਨ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਸਥਾਨਕ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਜੋ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਸਨ।
3 ਲੋਕ ਜ਼ਖਮੀ
ਭਿਆਨਕ ਅੱਗ ਵਿੱਚ ਝੁਲਸਣ ਦੇ ਕਾਰਨ 3 ਹੋਰ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਫਿਲਹਾਲ ਤਿੰਨਾਂ ਦੀ ਸਥਿਤੀ ਸਧਾਰਨ ਦੱਸੀ ਜਾ ਰਹੀ ਹੈ।
ਮੇਅਰ ਨੇ ਕੀਤਾ ਮਦਦ ਦਾ ਵਾਅਦਾ
ਹੁਆਨਕਨ ਦੇ ਮੇਅਰ ਵੈਲੇਰੀਓ ਤਾਪੀਆ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਦਾ ਵਾਅਦਾ ਕੀਤਾ।
ਮਾਮਲੇ ਦੀ ਜਾਂਚ ਸ਼ੁਰੂ
ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ, ਜਿਸ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹਾਦਸਾ ਗੈਸ ਟੈਂਕ ਜਾਂ ਸਿਲੰਡਰ ਵਿੱਚ ਧਮਾਕੇ ਕਰਕੇ ਹੋਇਆ।












