ਸਰੀ: ਬੀਤੇ ਦਿਨ ਬਾਦ ਦੁਪਹਿਰ ਸਰੀ ਵਿਖੇ ਸਥਿਤ ਆਫਿਸ ਬਿਲਡਿੰਗ ’ਚ ਦਫਤਰ ’ਚ ਬੈਠੇ ਇਕ ਵਿਅਕਤੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਗੋਲੀਆਂ ਚਲਾਉਣ ਉਪਰੰਤ ਭੱਜ ਗਏ। ਸਰੀ ਪੁਲਿਸ ਨੂੰ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਉਪਰੰਤ ਜਦੋਂ ਪੁਲਿਸ ਪੁੱਜੀ ਤਾਂ ਵਿਅਕਤੀ ਬੁਰੀ ਤਰਾਂ ਜਖਮੀ ਹਾਲਤ ਵਿਚ ਪਿਆ ਮਿਲਿਆ।ਮੁਢਲੀ ਸਹਾਇਤਾ ਦੇਣ ਤੋਂ ਪਹਿਲਾਂ ਹੀ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਵਲੋਂ ਮਾਰੇ ਗਏ ਵਿਅਕਤੀ ਦੀ ਕੋਈ ਪਛਾਣ ਨਹੀ ਦੱਸੀ ਗਈ, ਪਰ ਹਾਲੇ ਤੱਕ ਕਿਸੇ ’ਤੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਜਾ ਰਿਹਾ, ਨਾ ਹੀ ਕੋਈ ਵਿਅਕਤੀ ਹਿਰਾਸਤ ’ਚ ਲਿਆ ਗਿਆ। ਗੋਲੀਬਾਰੀ ਦਾ ਕਾਰਨ ਵੀ ਅਜੇ ਸਪੱਸ਼ਟ ਨਹੀਂ ਹੈ। ਇਸ ਬਿਲਡਿੰਗ ’ਚ ਕਈ ਤਰ੍ਹਾਂ ਦੇ ਰੀਐਲਟੀ, ਇੰਸੋਰੈਂਸ, ਇਮੀਗ੍ਰੇਸ਼ਨ ਦੇ ਦਫਤਰ ਹਨ।
ਭਾਵੇਂਕਿ ਮਾਰੇ ਗਏ ਵਿਅਕਤੀ ਦੀ ਪਛਾਣ ਨਹੀ ਦੱਸੀ, ਪਰ ਸੂਤਰਾਂ ਮੁਤਾਬਿਕ ਮਾਰਿਆ ਗਿਆ ਨੌਜਵਾਨ ਸਤਿਬੀਰ ਸਿੰਘ ਵੜਿੰਗ ਉਰਫ ਸੈਮ ਸੀ, ਜੋ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਦਾ ਸੀ। ਸੂਤਰਾਂ ਮੁਤਾਬਿਕ ਹਮਲਾਵਰ ਉਸਨੂੰ ਫੋਨ ਕਰਕੇ ਉਸਦੇ ਦਫਤਰ ਆਏ ਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਇਸੇ ਦੌਰਾਨ ਗੋਂਦਾਰਾ-ਗੋਲਡੀ ਬਰਾੜ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਸੈਮ ਭਾਰਤ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਕੂਲ ਸਮੇਂ ਦਾ ਮਿੱਤਰ ਸੀ। ਬੇਸ਼ੱਕ ਉਹ ਬਿਸ਼ਨੋਈ ਦੇ ਕਿਸੇ ਨੈਟਵਰਕ ਨਾਲ ਸਬੰਧਿਤ ਸੀ ਜਾਂ ਨਹੀ ਪਰ ਲਾਰੈਂਸ ਬਿਸ਼ਨੋਈ ਨੇ ਇਕ ਗੱਲਬਾਤ ਦੌਰਾਨ ਉਸਨੂੰ ਇਕ ਚੰਗਾ ਮਿੱਤਰ ਦੱਸਿਆ ਸੀ। ਸ਼ੋਸਲ ਮੀਡੀਆ ਪੋਸਟ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਨੌਜਵਾਨ ਕਿਸੇ ਗੈਂਗਵਾਰ ਦਾ ਸ਼ਿਕਾਰ ਬਣਿਆ ਹੋ ਸਕਦਾ ਹੈ।











