ਕਠੂਆ : ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ‘ਚ ਤਸਕਰਾਂ ਦਾ ਮਨੋਬਲ ਵਧ ਗਿਆ ਹੈ। ਬੀਤੀ ਰਾਤ ਤਸਕਰਾਂ ਨੂੰ ਫੜਨ ਆਈ ਜੰਗਲਾਤ ਵਿਭਾਗ ਦੀ ਟੀਮ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਜੰਗਲਾਤ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਛੰਨਾ ਚਰਖੜੀ ਵਿੱਚ ਖੈਰ ਦੀ ਲੱਕੜ ਦੀ ਤਸਕਰੀ ਦੀ ਸੂਚਨਾ ਮਿਲਣ ’ਤੇ ਕਾਰਵਾਈ ਕਰਨ ਲਈ ਪੁੱਜੀ ਜੰਗਲਾਤ ਵਿਭਾਗ ਦੀ ਟੀਮ ’ਤੇ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਸੂਚਨਾ ‘ਤੇ ਪਹੁੰਚੀ ਸੀ ਜੰਗਲਾਤ ਵਿਭਾਗ ਦੀ ਟੀਮ
ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਛੰਨਾ ਚਰਖੜੀ ਖੇਤਰ ਤੋਂ ਖੈਰ ਦੀ ਲੱਕੜ ਦੀ ਵੱਡੀ ਖੇਪ ਲਿਜਾਈ ਜਾ ਰਹੀ ਹੈ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ ‘ਤੇ ਇਲਾਕੇ ਦੀ ਨਾਕਾਬੰਦੀ ਕਰਕੇ ਤਸਕਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਵਿਭਾਗ ਦੀ ਟੀਮ ਨੂੰ ਦੇਖ ਕੇ ਤਸਕਰਾਂ ਨੇ ਖੁਦ ਨੂੰ ਘੀਰਿਆ ਪਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ , ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਗੋਲੀਬਾਰੀ ਦੌਰਾਨ ਤਸਕਰ ਆਪਣੇ ਵਾਹਨਾਂ ‘ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਤਰਨਾ ਨਾਲਾ ਪਾਰ ਕਰਦੇ ਸਮੇਂ ਪਾਣੀ ਅਤੇ ਚਿੱਕੜ ਕਾਰਨ ਤਸਕਰਾਂ ਦੀਆਂ ਦੋ ਗੱਡੀਆਂ ਆਪਸ ਵਿੱਚ ਫਸ ਗਈਆਂ। ਜੰਗਲਾਤ ਵਿਭਾਗ ਦੀ ਟੀਮ ਵੱਲੋਂ ਪਿੱਛਾ ਕਰਨ ਅਤੇ ਵਾਹਨਾਂ ਨੂੰ ਭੱਜਣ ਦੀ ਕੋਈ ਗੁੰਜਾਇਸ਼ ਨਾ ਦੇਖ ਕੇ ਤਸਕਰ ਖੈਰ ਦੀ ਲੱਕੜ ਅਤੇ ਦੋਵੇਂ ਵਾਹਨ ਮੌਕੇ ‘ਤੇ ਹੀ ਛੱਡ ਕੇ ਭੱਜ ਗਏ।
ਘਟਨਾ ਤੋਂ ਤੁਰੰਤ ਬਾਅਦ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਜੰਗਲਾਤ ਵਿਭਾਗ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਤਸਕਰਾਂ ਦੇ ਦੋਵੇਂ ਵਾਹਨ ਅਤੇ ਉਨ੍ਹਾਂ ‘ਤੇ ਲੱਦਿਆ ਵੱਡੀ ਮਾਤਰਾ ‘ਚ ਨਾਜਾਇਜ਼ ਖੈਰ ਦੀ ਲੱਕੜ ਬਰਾਮਦ ਕਰ ਲਈ ਹੈ । ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਣਪਛਾਤੇ ਤਸਕਰਾਂ ਖ਼ਿਲਾਫ਼ ਧਾਰਾਵਾਂ ਲਗਾ ਕੇ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।












