ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਖੂਈਆਂ ਸਰਵਰ ਪੁਲਿਸ ਨੇ 1 ਕਿਲੋ 400 ਗ੍ਰਾਮ ਅਫੀਮ ਸਮੇਤ ਰਾਜਸਥਾਨ ਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ।
ਪੁਲਿਸ ਰਿਪੋਰਟ ਅਨੁਸਾਰ, ਬੀਤੇ ਦਿਨ 23 ਨਵੰਬਰ ਨੂੰ ਦੁਪਹਿਰ ਕਰੀਬ 12:45 ਵਜੇ ਥਾਣਾ ਖੂਈਆਂ ਸਰਵਰ ਦੇ ਐੱਸ.ਆਈ./ਐੱਸ.ਐੱਚ.ਓ. ਪਰਗਟ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਗੁੰਮਜਾਲ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੇ ਦਾੜ੍ਹੀ-ਮੁੱਛਾਂ ਨਹੀਂ ਸਨ ਅਤੇ ਉਸ ਦੇ ਸੱਜੇ ਮੋਢੇ ‘ਤੇ ਇੱਕ ਬੈਗ ਲਟਕਿਆ ਹੋਇਆ ਸੀ।
ਜਦੋਂ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ 400 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਹਾਜੀ ਮੁਹੰਮਦ ਪੁੱਤਰ ਜਾਵਰੀ ਖਾਨ, ਵਾਸੀ ਪਿੰਡ ਬਾਲਾ, ਥਾਣਾ ਬਿਲਾੜਾ, ਜ਼ਿਲ੍ਹਾ ਜੋਧਪੁਰ (ਰਾਜਸਥਾਨ) ਵਜੋਂ ਹੋਈ ਹੈ।
ਪੁਲਿਸ ਨੇ ਇਸ ਕਾਰਵਾਈ ਦੌਰਾਨ ਆਡੀਓ-ਵੀਡੀਓ ਰਿਕਾਰਡਿੰਗ ਅਤੇ ਜਾਂਚ ਕਿੱਟ ਦੀ ਵਰਤੋਂ ਕੀਤੀ। ਥਾਣਾ ਖੂਈਆਂ ਸਰਵਰ ਵਿੱਚ ਮੁਲਜ਼ਮ ਹਾਜੀ ਮੁਹੰਮਦ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 18/61/85 ਤਹਿਤ ਮੁਕੱਦਮਾ ਨੰਬਰ 254 ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਐੱਸ.ਆਈ./ਐੱਸ.ਐੱਚ.ਓ. ਪਰਗਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
