ਚੇਨੱਈ: ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਲਈ IPL 2027 ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਚੇਨੱਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਧੋਨੀ ਨੇ ਅਗਲੇ ਸੀਜ਼ਨ ਵਿੱਚ ਖੇਡਣ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਹੈ ਕਿ ਉਨ੍ਹਾਂ ਦਾ ਫ਼ੈਸਲਾ ਪੂਰੀ ਤਰ੍ਹਾਂ ਫਿਟਨੈੱਸ ’ਤੇ ਨਿਰਭਰ ਕਰੇਗਾ। ਇਸ ਲਈ ਪਹਿਲਾਂ ਉਨ੍ਹਾਂ ਨੂੰ ਮੈਡੀਕਲ ਜਾਂਚ ਕਰਵਾਉਣੀ ਪਵੇਗੀ ਅਤੇ ਆਪਣੀ ਸਰੀਰਕ ਸਮਰੱਥਾ ਦਾ ਮੁਲਾਂਕਣ ਕਰਨਾ ਹੋਵੇਗਾ।
ਧੋਨੀ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੇ ਅਗਲੇ ਕਦਮ ’ਤੇ ਟਿਕ ਗਈਆਂ ਹਨ। ਹਾਲਾਂਕਿ, ਉਨ੍ਹਾਂ ਨੇ IPL 2027 ਵਿੱਚ ਖੇਡਣ ਬਾਰੇ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਸੁਣਾਇਆ।
ਦਸੰਬਰ ਤੋਂ ਪਹਿਲਾਂ ਫਿਟਨੈੱਸ ਬਾਰੇ ਲੈਣਗੇ ਫ਼ੈਸਲਾ
ਬੈਂਗਲੁਰੂ ਵਿੱਚ ਇੱਕ ਸਮਾਗਮ ਦੌਰਾਨ ਧੋਨੀ ਨੂੰ IPL 2027 ਵਿੱਚ ਖੇਡਣ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਪਣੀ ਜਾਂਚ ਕਰਵਾਉਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਫ਼ੈਸਲਾ ਲੈਣਗੇ ਕਿ ਉਨ੍ਹਾਂ ਦਾ ਸਰੀਰ ਇੱਕ ਹੋਰ ਸੀਜ਼ਨ ਖੇਡਣ ਲਈ ਕਿੰਨਾ ਤਿਆਰ ਹੈ।
ਧੋਨੀ ਨੇ ਆਪਣੀ ਤੁਲਨਾ ਇੱਕ ਪੁਰਾਣੀ ਪਰ ਚੰਗੀ ਤਰ੍ਹਾਂ ਚੱਲਣ ਵਾਲੀ ਕਾਰ ਨਾਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਅਗਲੇ ਸੀਜ਼ਨ ਲਈ ਪੂਰੀ ਤਰ੍ਹਾਂ ਫਿੱਟ ਹੋਣ। ਇਸ ਲਈ ਦਸੰਬਰ ਤੋਂ ਪਹਿਲਾਂ ਉਨ੍ਹਾਂ ਦੀ ਫਿਟਨੈੱਸ ਬਾਰੇ ਸਥਿਤੀ ਸਪੱਸ਼ਟ ਹੋ ਸਕਦੀ ਹੈ।
ਸੱਟ ਕਾਰਨ IPL 2026 ਵਿੱਚ ਨਹੀਂ ਖੇਡ ਸਕੇ ਧੋਨੀ
ਮਹਿੰਦਰ ਸਿੰਘ ਧੋਨੀ ਸੱਟ ਅਤੇ ਫਿਟਨੈੱਸ ਨਾਲ ਜੁੜੀਆਂ ਸਮੱਸਿਆਵਾਂ ਕਾਰਨ IPL 2026 ਦੇ ਪੂਰੇ ਸੀਜ਼ਨ ਵਿੱਚ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਗੈਰਮੌਜੂਦਗੀ ਚੇਨਈ ਸੁਪਰ ਕਿੰਗਜ਼ ਲਈ ਵੱਡਾ ਝਟਕਾ ਰਹੀ।
ਪੰਜ ਵਾਰ IPL ਖ਼ਿਤਾਬ ਜਿੱਤ ਚੁੱਕੀ ਚੇਨਈ ਦੀ ਟੀਮ ਲਗਾਤਾਰ ਤੀਜੇ ਸੀਜ਼ਨ ਵਿੱਚ ਪਲੇਅ ਆਫ਼ ਤੱਕ ਪਹੁੰਚਣ ਵਿੱਚ ਨਾਕਾਮ ਰਹੀ। ਧੋਨੀ ਦਾ ਤਜਰਬਾ ਅਤੇ ਮੈਦਾਨ ’ਤੇ ਉਨ੍ਹਾਂ ਦੀ ਮੌਜੂਦਗੀ ਟੀਮ ਲਈ ਹਮੇਸ਼ਾ ਮਹੱਤਵਪੂਰਨ ਰਹੀ ਹੈ।
ਕੀ IPL 2027 ਵਿੱਚ ਮੁੜ ਦਿਖੇਗਾ ਮਾਹੀ ਦਾ ਜਲਵਾ?
ਧੋਨੀ ਦੇ ਪਿਛਲੇ ਸੀਜ਼ਨ ਵਿੱਚ ਨਾ ਖੇਡਣ ਤੋਂ ਬਾਅਦ ਉਨ੍ਹਾਂ ਦੇ ਸੰਨਿਆਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਸਨ। ਪਰ ਹੁਣ ਉਨ੍ਹਾਂ ਦੇ ਤਾਜ਼ਾ ਬਿਆਨ ਨੇ ਅਗਲੇ ਸੀਜ਼ਨ ਵਿੱਚ ਵਾਪਸੀ ਦੀ ਉਮੀਦ ਜਗਾਈ ਹੈ।
ਫਿਲਹਾਲ ਧੋਨੀ ਦੇ ਖੇਡਣ ਬਾਰੇ ਅੰਤਿਮ ਫ਼ੈਸਲਾ ਹੋਣਾ ਬਾਕੀ ਹੈ। ਹੁਣ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਫਿਟਨੈੱਸ ਜਾਂਚ ਅਤੇ ਦਸੰਬਰ ਤੋਂ ਪਹਿਲਾਂ ਆਉਣ ਵਾਲੇ ਅਪਡੇਟ ’ਤੇ ਰਹਿਣਗੀਆਂ।
