Home ਸੰਸਾਰ ਗੁਰਦਾਸਪੁਰ ‘ਚ ਪਾਕਿ ਡਰੋਨ ਰਾਹੀਂ ਭੇਜੇ ਹਥਿਆਰਾਂ ਦੀ ਖੇਪ ਬਰਾਮਦ

ਗੁਰਦਾਸਪੁਰ ‘ਚ ਪਾਕਿ ਡਰੋਨ ਰਾਹੀਂ ਭੇਜੇ ਹਥਿਆਰਾਂ ਦੀ ਖੇਪ ਬਰਾਮਦ

0

ਗੁਰਦਾਸਪੁਰ: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਸੁਰੱਖਿਆ ਏਜੰਸੀਆਂ ਨੇ ਸਾਂਝੀ ਕਾਰਵਾਈ ਕਰਦਿਆਂ ਹਥਿਆਰਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ। ਇਸ ਵਿੱਚ ਚਾਰ ਹੈਂਡ ਗ੍ਰਨੇਡ, ਦੋ ਪਿਸਤੌਲ ਅਤੇ ਕਾਰਤੂਸ ਸ਼ਾਮਲ ਹਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਖੇਪ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ।

ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਸਰਹੱਦੀ ਪਿੰਡ ਹਰਦੋਛੰਨੀ ਦੇ ਖੇਤਾਂ ਵਿੱਚ ਡਰੋਨ ਰਾਹੀਂ ਇੱਕ ਪੈਕੇਟ ਸੁੱਟੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬੀਐੱਸਐੱਫ ਅਤੇ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਰਾਤ ਕਰੀਬ 10 ਵਜੇ ਇਲਾਕੇ ਵਿੱਚ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।

ਤਲਾਸ਼ੀ ਦੌਰਾਨ ਟੀਮਾਂ ਨੂੰ ਖੇਤਾਂ ਵਿੱਚੋਂ ਇੱਕ ਪੈਕੇਟ ਮਿਲਿਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਚਾਰ ਹੈਂਡ ਗ੍ਰਨੇਡ, ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ। ਸੁਰੱਖਿਆ ਏਜੰਸੀਆਂ ਨੇ ਸਾਰੀ ਖੇਪ ਆਪਣੇ ਕਬਜ਼ੇ ਵਿੱਚ ਲੈ ਲਈ।

ਮੁੜ ਕੀਤੀ ਜਾਵੇਗੀ ਇਲਾਕੇ ਦੀ ਤਲਾਸ਼ੀ

ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਬੀਐੱਸਐੱਫ ਅਤੇ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕੇ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਫਿਲਹਾਲ ਕੋਈ ਹੋਰ ਸ਼ੱਕੀ ਵਸਤੂ ਨਹੀਂ ਮਿਲੀ। ਅਧਿਕਾਰੀਆਂ ਵੱਲੋਂ ਪੂਰੇ ਇਲਾਕੇ ਦੀ ਇੱਕ-ਦੋ ਵਾਰ ਹੋਰ ਜਾਂਚ ਕੀਤੀ ਜਾਵੇਗੀ।

ਇਸ ਸਬੰਧੀ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਰਾਤ ਸਮੇਂ ਚਾਰ ਹੈਂਡ ਗ੍ਰਨੇਡ, ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਚ ਮੁਹਿੰਮ ਦੌਰਾਨ ਹੋਰ ਕੁਝ ਨਹੀਂ ਮਿਲਿਆ। ਇਲਾਕੇ ਦੀ ਮੁੜ ਤਲਾਸ਼ੀ ਲੈਣ ਤੋਂ ਬਾਅਦ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version