ਪੰਜਾਬ: ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਮਾਨਸਾ ਦੇ ਆਰ.ਟੀ.ਓ ਦਫ਼ਤਰ ‘ਤੇ ਅਚਾਨਕ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਕਾਊ ਸੈੱਸ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਆਰ.ਟੀ.ਓ. ਸਮੇਤ ਕਈ ਸੀਨੀਅਰ ਅਧਿਕਾਰੀ ਛੁੱਟੀ ’ਤੇ ਹੋਣ ਕਾਰਨ ਪੂਰੀ ਜਾਂਚ ਨਹੀਂ ਹੋ ਸਕੀ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਵਿਜੀਲੈਂਸ ਦੀ ਟੀਮ ਦਫਤਰ ਪਹੁੰਚੀ, ਉਥੇ ਮੌਜੂਦ ਰਿਕਾਰਡ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪਰ ਇਸ ਦੌਰਾਨ ਆਰ.ਟੀ.ਓ., ਡੀ.ਟੀ.ਓ. ਅਤੇ ਐਸ.ਐਸ.ਓ ਵਰਗੇ ਕਈ ਸੀਨੀਅਰ ਅਧਿਕਾਰੀਆਂ ਦੇ ਛੁੱਟੀ ਹੋਣ ਕਾਰਨ ਟੀਮ ਨੂੰ ਜਾਂਚ ਲਈ ਬਹੁਤ ਸਾਰੇ ਰਿਕਾਰਡ ਨਹੀਂ ਮਿਲ ਸਕੇ। ਇਸ ਕਾਰਨ ਜਾਂਚ ਅਧੂਰੀ ਰਹਿ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਵਿਜੀਲੈਂਸ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਅਚਨਚੇਤ ਚੈਕਿੰਗ ਸੀ ਅਤੇ ਇਹ ਮਾਨਯੋਗ ਡਾਇਰੈਕਟਰ ਅਤੇ ਐਸ.ਐਸ.ਪੀ ਵਿਜੀਲੈਂਸ ਦੀਆਂ ਸਖ਼ਤ ਹਦਾਇਤਾਂ ‘ਤੇ ਕੀਤੀ ਗਈ ਹੈ।
ਇਸ ਦੌਰਾਨ ਟੀਮ ਦਾ ਧਿਆਨ ਕਾਊ ਸੈੱਸ ਨਾਲ ਸਬੰਧਤ ਰਿਕਾਰਡ ਦੀ ਜਾਂਚ ਕਰਨ ‘ਤੇ ਹੈ ਅਤੇ ਜੇਕਰ ਇਸ ਦੌਰਾਨ ਕਿਸੇ ਕਿਸਮ ਦੀ ਵਿੱਤੀ ਬੇਨਿਯਮੀਆਂ ਜਾਂ ਹੇਰਾਫੇਰੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਟੀਮ ਨੂੰ ਆਰ.ਟੀ.ਓ ਦਫ਼ਤਰ ਵਿੱਚ ਕੰਮ ਕਰਦੇ ਪ੍ਰਾਈਵੇਟ ਏਜੰਟਾਂ ਅਤੇ ਵਿਚੋਲਿਆਂ ਦੀ ਭੂਮਿਕਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਛਾਪੇਮਾਰੀ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਨਾ ਹੋਣ ਕਾਰਨ ਵਿਜੀਲੈਂਸ ਨੇ ਆਰ.ਟੀ.ਓ ਦਫ਼ਤਰ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਾਊ ਸੈੱਸ ਸਬੰਧੀ ਲੋੜੀਂਦਾ ਰਿਕਾਰਡ ਜਲਦੀ ਹੀ ਜਾਂਚ ਲਈ ਵਿਜੀਲੈਂਸ ਟੀਮ ਅੱਗੇ ਪੇਸ਼ ਕੀਤਾ ਜਾਵੇ।
