ਗੈਜੇਟ ਡੈਸਕ: ਭਾਰਤੀ ਵਿਲੱਖਣ ਪਛਾਣ ਅਥਾਰਟੀ ਜਲਦੀ ਹੀ ਇੱਕ ਨਵਾਂ ਅਤੇ ਉੱਨਤ ਆਧਾਰ ਮੋਬਾਈਲ ਐਪ ਲਾਂਚ ਕਰਨ ਜਾ ਰਹੀ ਹੈ, ਜੋ ਆਧਾਰ ਨਾਲ ਜੁੜੀਆਂ ਸੇਵਾਵਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸੁਰੱਖਿਅਤ ਬਣਾ ਦੇਵੇਗਾ। UIDAI ਦੇ ਸੀ.ਈ.ਓ. ਭੁਵਨੇਸ਼ਵਰ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਐਪ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਆਮ ਜਨਤਾ ਲਈ ਉਪਲਬਧ ਹੋ ਜਾਵੇਗਾ ਅਤੇ ਇਸਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ।
ਹੁਣ ਫੋਟੋਕਾਪੀ ਨਹੀਂ, ਹੋਵੇਗੀ ਡਿਜੀਟਲ ਸ਼ੇਅਰਿੰਗ
ਇਸ ਨਵੇਂ ਐਪ ਦਾ ਸਭ ਤੋਂ ਕ੍ਰਾਂਤੀਕਾਰੀ ਫੀਚਰ ‘ਡਿਜੀਟਲ ਆਈਡੈਂਟਿਟੀ ਸ਼ੇਅਰਿੰਗ’ ਹੈ। ਹੁਣ ਤੱਕ ਪਛਾਣ ਸਾਬਤ ਕਰਨ ਲਈ ਆਧਾਰ ਕਾਰਡ ਦੀ ਫੋਟੋਕਾਪੀ ਦੇਣੀ ਪੈਂਦੀ ਸੀ, ਪਰ ਇਸ ਐਪ ਦੇ ਆਉਣ ਤੋਂ ਬਾਅਦ ਇਹ ਪ੍ਰਕਿਿਰਆ ਪੂਰੀ ਤਰ੍ਹਾਂ ਡਿਜੀਟਲ ਹੋ ਜਾਵੇਗੀ। ਵਰਤੋਂਕਾਰ ਆਪਣੀ ਸਹਿਮਤੀ ਨਾਲ ਆਪਣੀ ਆਧਾਰ ਜਾਣਕਾਰੀ ਨੂੰ ਸਿੱਧੇ ਡਿਜੀਟਲ ਰੂਪ ਵਿੱਚ ਸਾਂਝਾ ਕਰ ਸਕਣਗੇ, ਜਿਸ ਨਾਲ ਨਾ ਸਿਰਫ਼ ਕਾਗਜ਼ੀ ਕਾਰਵਾਈ ਘੱਟ ਹੋਵੇਗੀ ਸਗੋਂ ਡਾਟਾ ਦੀ ਸੁਰੱਖਿਆ ਵੀ ਵਧੇਗੀ।
ਕੀ ਐਪ ਨਾਲ ਮੋਬਾਈਲ ਨੰਬਰ ਅੱਪਡੇਟ ਹੋਵੇਗਾ?
ਭੁਵਨੇਸ਼ਵਰ ਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਮੋਬਾਈਲ ਨੰਬਰ ਵਰਗੀ ਸੰਵੇਦਨਸ਼ੀਲ ਜਾਣਕਾਰੀ ਨੂੰ ਐਪ ਰਾਹੀਂ ਅੱਪਡੇਟ ਨਹੀਂ ਕੀਤਾ ਜਾ ਸਕੇਗਾ। ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਬਦਲਣ ਲਈ ਪਹਿਲਾਂ ਵਾਂਗ ਹੀ ਆਧਾਰ ਸੇਵਾ ਕੇਂਦਰ ਜਾ ਕੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਇਹ ਕਦਮ ਡਾਟਾ ਦੀ ਸੁਰੱਖਿਆ ਅਤੇ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
QR ਕੋਡ ਨਾਲ ਹੋਵੇਗੀ ਫਰਜ਼ੀ ਆਧਾਰ ਦੀ ਪਛਾਣ
ਨਵੇਂ ਐਪ ਨਾਲ ਫਰਜ਼ੀ ਆਧਾਰ ਕਾਰਡ ਦੀ ਪਛਾਣ ਕਰਨਾ ਵੀ ਬਹੁਤ ਆਸਾਨ ਹੋ ਜਾਵੇਗਾ। ਹਰੇਕ ਆਧਾਰ ਕਾਰਡ ‘ਤੇ ਦਿੱਤੇ ਗਏ QR ਕੋਡ ਨੂੰ ਸਕੈਨ ਕਰਕੇ ਕੋਈ ਵੀ ਵਿਅਕਤੀ ਕਾਰਡ ਦੀ ਪ੍ਰਮਾਣਿਕਤਾ ਨੂੰ ਤੁਰੰਤ ਤਸਦੀਕ ਕਰ ਸਕਦਾ ਹੈ। ਇਸ ਨਾਲ ਧੋਖਾਧੜੀ ਦੇ ਮਾਮਲਿਆਂ ਵਿੱਚ ਕਮੀ ਆਉਣ ਦੀ ਉਮੀਦ ਹੈ। ਇਹ ਨਵਾਂ ਐਪ ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜੋ ਕਰੋੜਾਂ ਆਧਾਰ ਧਾਰਕਾਂ ਲਈ ਸਹੂਲਤ ਅਤੇ ਸੁਰੱਖਿਆ ਦੋਵੇਂ ਲਿਆਵੇਗਾ।