ਪੇਸ਼ਾਵਰ: ਉੱਤਰੀ-ਪੱਛਮੀ ਪਾਕਿਸਤਾਨ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਟ੍ਰੈਫਿਕ ਪੁਲਿਸ ਵਾਹਨ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਮੋਟਰਸਾਈਕਲ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਦੱਖਣੀ ਵਜ਼ੀਰਿਸਤਾਨ ਦੇ ਨਾਲ ਲੱਗਦੇ ਟਾਂਕ ਜ਼ਿਲ੍ਹੇ ਦੇ ਵਜ਼ੀਰਾਬਾਦ ਖੇਤਰ ਵਿੱਚ ਇੱਕ ਪੁਲਿਸ ਵਾਹਨ ‘ਤੇ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਹਮਲਾਵਰ ਪੁਲਿਸ ਦੀ ਗੱਡੀ ‘ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਸ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਸਨ, ਜਦੋਂ ਕਿ ਨੇੜੇ ਖੜ੍ਹੇ ਦੋ ਨਾਗਰਿਕ ਜ਼ਖ਼ਮੀ ਹੋ ਗਏ ਸਨ। ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰਾ ਪਾ ਲਿਆ। ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
