Home ਯੂਪੀ ਖ਼ਬਰਾਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ’ਚ ਕੰਧ ਹੇਠਾਂ ਦੱਬ ਕੇ ਦੋ ਮਹਿਲਾ...

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ’ਚ ਕੰਧ ਹੇਠਾਂ ਦੱਬ ਕੇ ਦੋ ਮਹਿਲਾ ਮਜ਼ਦੂਰਾਂ ਦੀ ਹੋਈ ਮੌਤ

0

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਥਾਣਾ ਸਾਹਿਬਾਬਾਦ ਇਲਾਕੇ ਦੇ ਸੀਮਾਪੁਰੀ ਬਾਰਡਰ ‘ਤੇ ਸੋਮਵਾਰ ਦੁਪਹਿਰ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਇੱਕ ਕੰਧ ਅਚਾਨਕ ਢਹਿ ਗਈ। ਇਸ ਦਰਦਨਾਕ ਹਾਦਸੇ ਵਿੱਚ ਕੰਧ ਹੇਠਾਂ ਦੱਬ ਕੇ ਦੋ ਮਹਿਲਾ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਅਤੇ ਰਾਹਤ ਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਕਮਜ਼ੋਰ ਕੰਧ ਦੇ ਸਹਾਰੇ ਖਾ ਰਹੇ ਸਨ ਖਾਣਾ

ਇਹ ਘਟਨਾ ਥਾਣਾ ਸਾਹਿਬਾਬਾਦ ਇਲਾਕੇ ਦੇ ਸੀਮਾਪੁਰੀ ਬਾਰਡਰ ਕੋਲ ਲੰਚ ਟਾਈਮ (ਦੁਪਹਿਰ ਦੇ ਖਾਣੇ) ਦੌਰਾਨ ਵਾਪਰੀ। ਚਾਰੇ ਮਹਿਲਾ ਮਜ਼ਦੂਰ ਨੇੜੇ ਹੀ ਇੱਕ ਪਲਾਟ ਵਿੱਚ ਮਜ਼ਦੂਰੀ ਕਰਦੀਆਂ ਸਨ। ਉਹ ਅਕਸਰ ਨੇੜੇ ਦੇ ਇੱਕ ਖਾਲੀ ਪਲਾਟ ਵਿੱਚ ਖੜ੍ਹੀ ਫੈਕਟਰੀ ਦੀ ਪੁਰਾਣੀ ਅਤੇ ਜਰਜਰ ਦੀਵਾਰ ਨਾਲ ਲੱਗ ਕੇ ਖਾਣਾ ਖਾਂਦੀਆਂ ਸਨ। ਤਾਕਿ ਉਨ੍ਹਾਂ ਨੂੰ ਧੁੱਪ ਅਤੇ ਧੂੜ ਤੋਂ ਬਚਾਅ ਮਿਲ ਸਕੇ। ਸਥਾਨਕ ਕੌਂਸਲਰ ਦੇ ਮੁਤਾਬਕ, ਕੰਧ ਬਹੁਤ ਕਮਜ਼ੋਰ ਸੀ। ਇਲਜ਼ਾਮ ਹੈ ਕਿ ਕੁਝ ਲੋਕਾਂ ਵੱਲੋਂ ਲਗਾਤਾਰ ਕੰਧ ਨਾਲ ਲਾ ਕੇ ਲੋਹੇ ਦੇ ਪਾਈਪ ਪਾਏ ਜਾ ਰਹੇ ਸਨ ਜਿਸ ਕਰਕੇ ਕੰਧ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਅਚਾਨਕ ਢਹਿ ਗਈ।

ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਦੋ ਨੂੰ ਦਿੱਲੀ ਰੈਫਰ

ਕੰਧ ਡਿੱਗਣ ਨਾਲ ਖਾਣਾ ਖਾ ਰਹੇ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਾ ਮਿਲਿਆ। ਭਾਰੀ ਮਲਬੇ ਹੇਠਾਂ ਦੱਬਣ ਨਾਲ ਦੋ ਔਰਤਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਦੋ ਜ਼ਖ਼ਮੀ ਔਰਤਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਰੈਫ਼ਰ ਕਰ ਦਿੱਤਾ ਗਿਆ।

ਜਾਂਚ ਦੇ ਹੁਕਮ

ਏ.ਸੀ.ਪੀ. ਸਾਹਿਬਾਬਾਦ ਸ਼ਵੇਤਾ ਯਾਦਵ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋ ਮਹਿਲਾ ਮਜ਼ਦੂਰਾਂ ਦੀ ਮੌਤ ਹੋਈ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਹਾਦਸੇ ਨੇ ਮਹਾਂਨਗਰ ਵਿੱਚ ਚੱਲ ਰਹੇ ਉਸਾਰੀ ਕੰਮਾਂ ਦੀ ਗੁਣਵੱਤਾ ਅਤੇ ਅਥਾਰਟੀ ਦੀ ਨਿਗਰਾਨੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲਾਪਰਵਾਹੀ ਕਾਰਨ ਹੋਈਆਂ ਇਨ੍ਹਾਂ ਮੌਤਾਂ ਨੇ ਉਸਾਰੀ ਸੁਰੱਖਿਆ ਮਾਪਦੰਡਾਂ (Construction Safety Standards) ਦੀ ਪੋਲ ਖੋਲ੍ਹ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version