ਮੋਗਾ : ਜ਼ਿਲ੍ਹਾ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ , ਜਦੋਂ ਥਾਣਾ ਬੱਧਨੀਕਲਾਂ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਗਸ਼ਤ ਦੌਰਾਨ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 1 ਕਿਲੋ ਹੈਰੋਇਨ ਦੇ ਨਾਲ-ਨਾਲ 2 ਦੇਸੀ ਮੈਗਾਜ਼ ਪਿਸਤੌਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਇਸ ਸਬੰਧੀ ਅਗਾਊਂ ਜਾਣਕਾਰੀ ਦਿੰਦੇ ਹੋਏ ਐਸ.ਪੀ.ਆਈ. ਅਜੇ ਰਾਜ ਸਿੰਘ ਨੇ ਦੱਸਿਆ ਕਿ ਥਾਣਾ ਬੱਧਨੀਕਲਾਂ ਦੇ ਇੰਚਾਰਜ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਇਲਾਕੇ ‘ਚ ਗਸ਼ਤ ਕਰ ਰਹੀ ਸੀ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਨਾਂ ਡਿਪਟੀ ਸਿੰਘ ਵਾਸੀ ਪਿੰਡ ਸੰਘਾ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਦਦਰ ਸਾਹਿਬ, ਤਰਨਤਾਰਨ ਦੱਸਿਆ।
ਪੁਲਿਸ ਪਾਰਟੀ ਨੇ 1 ਕਿਲੋ ਹੈਰੋਇਨ ਤੋਂ ਇਲਾਵਾ 2 ਦੇਸੀ ਪਿਸਤੌਲ, ਇੱਕ 30 ਬੋਰ ਦਾ ਗਲੌਕ ਅਤੇ ਇੱਕ 32 ਬੋਰ, 2 ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ, ਜਿਸ ਦੇ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਐਨ.ਡੀ.ਪੀ.ਐਸ. ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੱਧਨੀਕਲਾਂ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਅਤੇ ਹੈਰੋਇਨ ਅਤੇ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
