Home ਦੇਸ਼ ਦਿੱਲੀ-ਸਹਾਰਨਪੁਰ-ਦੇਹਰਾਦੂਨ ਐਕਸਪ੍ਰੈਸਵੇਅ ਦਾ ਟ੍ਰਾਇਲ ਰਨ ਸ਼ੁਰੂ

ਦਿੱਲੀ-ਸਹਾਰਨਪੁਰ-ਦੇਹਰਾਦੂਨ ਐਕਸਪ੍ਰੈਸਵੇਅ ਦਾ ਟ੍ਰਾਇਲ ਰਨ ਸ਼ੁਰੂ

0

ਨਵੀਂ ਦਿੱਲੀ : ਦਿੱਲੀ–ਸਹਾਰਨਪੁਰ–ਦੇਹਰਾਦੂਨ ਐਕਸਪ੍ਰੈੱਸ-ਵੇਅ ਦੇ ਉਦਘਾਟਨ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਬਣ ਰਹੀ ਇਸ ਮਹੱਤਵਪੂਰਨ ਹਾਈਵੇਅ ਦਾ ਟ੍ਰਾਇਲ ਰਨ ਸ਼ੁਰੂ ਹੋ ਗਿਆ ਹੈ। ਬੀਤੀ ਰਾਤ 12 ਵਜੇ ਤੋਂ ਇਸਨੂੰ ਟ੍ਰਾਇਲ ਦੇ ਅਧਾਰ ’ਤੇ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ ਗੀਤਾ ਕਲੋਨੀ ਇਲਾਕੇ ਵਿੱਚ ਐਕਸਪ੍ਰੈੱਸਵੇਅ ਦੇ ਬੈਰੀਕੇਡ ਹਟਾ ਦਿੱਤੇ ਗਏ, ਜਿਸ ਤੋਂ ਬਾਅਦ ਸੜਕ ‘ਤੇ ਆਵਾਜਾਹੀ ਸੌਖੀ ਨਾਲ਼ ਸ਼ੁਰੂ ਹੋ ਗਈ।

ਅਧਿਕਾਰੀਆਂ ਮੁਤਾਬਕ ਐਕਸਪ੍ਰੈੱਸ-ਵੇਅ ਸ਼ੁਰੂ ਹੋਣ ਨਾਲ ਦਿੱਲੀ ਤੋਂ ਦੇਹਰਾਦੂਨ ਦੀ ਯਾਤਰਾ ਦਾ ਸਮਾਂ ਲਗਭਗ ਢਾਈ ਘੰਟੇ ਰਹਿ ਜਾਵੇਗਾ। ਅਜੇ ਤੱਕ ਦਿੱਲੀ ਤੋਂ ਦੇਹਰਾਦੂਨ ਪਹੁੰਚਣ ਵਿੱਚ ਚਾਰ ਤੋਂ ਛੇ ਘੰਟੇ ਤੱਕ ਲੱਗ ਜਾਂਦੇ ਸਨ। ਨਵੇਂ ਹਾਈਵੇਅ ਦੇ ਪੂਰਨ ਸੰਚਾਲਨ ਤੋਂ ਬਾਅਦ ਯਾਤਰਾ ਦਾ ਸਮਾਂ ਅੱਧਾ ਹੋਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉੱਤਰਾਖੰਡ ਆਉਣ-ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਵਾਧੇ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਨੀਂਹ ਪੱਥਰ  

ਲਗਭਗ 210 ਕਿਲੋਮੀਟਰ ਲੰਬੀ ਇਸ ਪਰਿਯੋਜਨਾ ਦੀ ਨੀਂਹ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 4 ਦਸੰਬਰ 2021 ਨੂੰ ਰੱਖੀ ਸੀ। ਇਸ ਅਤਿਆਧੁਨਿਕ ਐਕਸਪ੍ਰੈਸ-ਵੇ ਦੇ ਨਿਰਮਾਣ ‘ਤੇ ਲਗਭਗ 11,800 ਕਰੋੜ ਰੁਪਏ ਦੀ ਲਾਗਤ ਆਈ ਹੈ। ਪਰਿਯੋਜਨਾ ਨੂੰ ਕਈ ਪੜਾਵਾਂ ਵਿੱਚ ਪੂਰਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਵਾਤਾਵਰਣਕ ਅਨੁਮਤੀ, ਭੂਮੀ ਅਧਿਗ੍ਰਹਿਣ ਅਤੇ ਸੰਰਚਨਾ ਨਿਰਮਾਣ ਸਭ ਤੋਂ ਚੁਣੌਤੀਪੂਰਨ ਪੜਾਅ ਸਨ।

ਦਿੱਲੀ ਦੇ ਅੰਦਰ ਇਸ ਐਕਸਪ੍ਰੈਸ-ਵੇਅ ਨੂੰ ਐਲੀਵੇਟਿਡ ਢਾਂਚੇ ਵਜੋਂ ਤਿਆਰ ਕੀਤਾ ਗਿਆ ਹੈ। ਇਸਦੀ ਸ਼ੁਰੂਆਤ ਅਕਸ਼ਰਧਾਮ ਮੈਟਰੋ ਸਟੇਸ਼ਨ ਦੇ ਕੋਲੋਂ ਹੁੰਦੀ ਹੈ, ਜਿੱਥੋਂ ਇਹ ਦਿੱਲੀ–ਮੇਰਠ ਐਕਸਪ੍ਰੈਸਵੇਅ ਨਾਲ ਜੁੜ ਜਾਂਦਾ ਹੈ। ਇਸ ਨਾਲ ਦਿੱਲੀ ਦੇ ਅੰਦਰ ਹੀ ਯਾਤਰੀਆਂ ਨੂੰ ਜਾਮ ਤੋਂ ਬਿਨਾਂ ਸਿੱਧੀ ਹਾਈ-ਸਪੀਡ ਯਾਤਰਾ ਦਾ ਮੌਕਾ ਮਿਲੇਗਾ।

ਲੋਕਾਂ ਮੁਤਾਬਕ ਐਕਸਪ੍ਰੈਸਵੇਅ ਸ਼ੁਰੂ ਹੋਣ ਨਾਲ ਰਾਜਧਾਨੀ ‘ਚ ਜਾਮ ਦੀ ਪੁਰਾਣੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਖਾਸ ਕਰਕੇ ਖਜੂਰੀ ਖਾਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰੋਜ਼ਾਨਾ ਘੰਟਿਆਂਬੱਧੀ ਲੱਗਣ ਵਾਲਾ ਲੰਬਾ ਟ੍ਰੈਫਿਕ ਜਾਮ ਹੁਣ ਕਾਫ਼ੀ ਹੱਦ ਤੱਕ ਘੱਟ ਜਾਵੇਗਾ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਵੱਲੋਂ ਐਕਸਪ੍ਰੈਸਵੇਅ ਨੂੰ ਜਲਦ ਖੋਲ੍ਹਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਉਸਾਰੀ ਵਿੱਚ ਦੇਰੀ ਦੇ ਪਿੱਛੇ ਤਕਨੀਕੀ ਚੁਣੌਤੀਆਂ, ਮੌਸਮ ਸਬੰਧੀ ਰੁਕਾਵਟਾਂ ਅਤੇ ਟ੍ਰੈਫਿਕ ਡਾਇਵਰਜਨ ਦੀਆਂ ਦਿੱਕਤਾਂ ਮੁੱਖ ਕਾਰਨ ਰਹੇ ਸਨ। ਹਾਲਾਂਕਿ ਹੁਣ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਗਈਆਂ ਹਨ ਅਤੇ ਐਕਸਪ੍ਰੈਸਵੇਅ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ।

ਟ੍ਰਾਇਲ ਰਨ ਸ਼ੁਰੂ ਹੋਣ ਤੋਂ ਬਾਅਦ ਛੇਤੀ ਹੀ ਇਸ ਦੇ ਰਸਮੀ ਉਦਘਾਟਨ ਦੀ ਵੀ ਸੰਭਾਵਨਾ ਹੈ। ਸਬੰਧਤ ਏਜੰਸੀਆਂ ਆਖ਼ਰੀ ਟੈਸਟ ਅਤੇ ਸੁਰੱਖਿਆ ਜਾਂਚ ਪੂਰੀਆਂ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਈਲ ਸਫ਼ਲ ਰਹਿਣ ‘ਤੇ ਐਕਸਪ੍ਰੈੱਸਵੇਅ ਨੂੰ ਆਮ ਲੋਕਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version