Home ਪੰਜਾਬ ਰਿਸ਼ਵਤਖੋਰ GST ਸੁਪਰਡੈਂਟ ਦੇ ਘਰੋਂ ਮਿਲਿਆ ਕਰੋੜਾਂ ਦਾ ਖ਼ਜ਼ਾਨਾ

ਰਿਸ਼ਵਤਖੋਰ GST ਸੁਪਰਡੈਂਟ ਦੇ ਘਰੋਂ ਮਿਲਿਆ ਕਰੋੜਾਂ ਦਾ ਖ਼ਜ਼ਾਨਾ

0

ਚੰਡੀਗੜ੍ਹ: ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜੀ.ਐੱਸ.ਟੀ. ਸੁਪਰਡੈਂਟ ਦੇ ਘਰੋਂ ਸੀ.ਬੀ.ਆਈ. ਨੂੰ ਕਰੋੜਾਂ ਰੁਪਏ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਮੁਲਜ਼ਮ ਅਧਿਕਾਰੀ ਦੀ ਪਛਾਣ ਲਵਕੁਸ਼ ਕੁਮਾਰ ਵਜੋਂ ਹੋਈ ਹੈ, ਜੋ ਪੰਚਕੂਲਾ ਦੇ ਸੈਕਟਰ-25 ਵਿੱਚ ਤਾਇਨਾਤ ਸੀ।

ਜਾਣਕਾਰੀ ਅਨੁਸਾਰ, ਮੁਲਜ਼ਮ ਨੂੰ ਇੱਕ ਫਰਜ਼ੀ ਜੀ.ਐੱਸ.ਟੀ. ਬਿੱਲ ਮਾਮਲੇ ਵਿੱਚ ਰਾਹਤ ਦੇਣ ਦੇ ਬਦਲੇ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 20 ਨਵੰਬਰ ਨੂੰ ਸੀ.ਬੀ.ਆਈ. ਦੀ ਟੀਮ ਨੇ ਉਸ ਦੇ ਘਰ ਛਾਪੇਮਾਰੀ ਕੀਤੀ, ਜਿੱਥੇ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਗਹਿਣੇ ਮਿਲੇ।

ਛਾਪੇ ਦੌਰਾਨ ਜਾਂਚ ਏਜੰਸੀ ਨੂੰ 24.29 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ 15.65 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ। ਇਸ ਤਰ੍ਹਾਂ ਕੁੱਲ 39.94 ਲੱਖ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਮਿਲੀ ਹੈ। ਇਸ ਤੋਂ ਇਲਾਵਾ ਬਰਾਮਦ ਕੀਤੇ ਗਏ ਸੋਨੇ ਅਤੇ ਚਾਂਦੀ ਦੀ ਕੀਮਤ ਕਰੀਬ 1.46 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਸੀ.ਬੀ.ਆਈ. ਨੇ ਨਕਦੀ ਅਤੇ ਗਹਿਣਿਆਂ ਤੋਂ ਇਲਾਵਾ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ 6 ਬੈਂਕ ਖਾਤਿਆਂ, ਨਿਵੇਸ਼ ਪੋਰਟਫੋਲੀਓ, ਜੀਵਨ ਬੀਮਾ ਪਾਲਿਸੀਆਂ ਅਤੇ ਅਚੱਲ ਜਾਇਦਾਦਾਂ ਨਾਲ ਜੁੜੇ ਕਾਗਜ਼ਾਤ ਸ਼ਾਮਲ ਹਨ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਦਰਜ ਵਾਹਨਾਂ ਅਤੇ ਵਿੱਤੀ ਲੈਣ-ਦੇਣ ਦਾ ਰਿਕਾਰਡ ਵੀ ਜਾਂਚ ਦੇ ਘੇਰੇ ਵਿੱਚ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਕ ਨਿੱਜੀ ਫਰਮ ਖ਼ਿਲਾਫ਼ ਜੀ.ਐੱਸ.ਟੀ. ਦੀ ਕਾਰਵਾਈ ਚੱਲ ਰਹੀ ਸੀ। ਇਸ ਦੌਰਾਨ ਫਰਮ ਦੇ ਇੱਕ ਭਾਈਵਾਲ ਨੇ ਸੁਪਰਡੈਂਟ ਲਵਕੁਸ਼ ਕੁਮਾਰ ਖ਼ਿਲਾਫ਼ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦੇ ਦੋਸ਼ਾਂ ਮੁਤਾਬਕ, ਅਧਿਕਾਰੀ ਨੇ ਫਰਮ ਨੂੰ ਜੀ.ਐੱਸ.ਟੀ. ਕਾਰਵਾਈ ਵਿੱਚ ਰਾਹਤ ਦਿਵਾਉਣ, ਭਾਰੀ ਜੁਰਮਾਨੇ ਤੋਂ ਬਚਾਉਣ ਅਤੇ ਅੱਗੇ ਕੋਈ ਡਿਮਾਂਡ ਨੋਟਿਸ ਜਾਰੀ ਨਾ ਕਰਨ ਦੇ ਬਦਲੇ 50 ਲੱਖ ਰੁਪਏ ਦੀ ਮੰਗ ਕੀਤੀ ਸੀ।

ਫਿਲਹਾਲ ਸੀ.ਬੀ.ਆਈ. ਬਰਾਮਦ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡ ਦੀ ਜਾਂਚ ਕਰ ਰਹੀ ਹੈ, ਤਾਂ ਜੋ ਮੁਲਜ਼ਮ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ, ਨਿਵੇਸ਼ਾਂ ਅਤੇ ਆਮਦਨ ਦੇ ਸਰੋਤਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version