Home ਸੰਸਾਰ ਪਾਕਿਸਤਾਨ ’ਚ ਟਰੇਨ ਹਾਦਸਾ, 5 ਮੌਤਾਂ ਤੇ 30 ਯਾਤਰੀ ਜ਼ਖ਼ਮੀ

ਪਾਕਿਸਤਾਨ ’ਚ ਟਰੇਨ ਹਾਦਸਾ, 5 ਮੌਤਾਂ ਤੇ 30 ਯਾਤਰੀ ਜ਼ਖ਼ਮੀ

0

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਕਰਾਚੀ ਤੋਂ ਪੇਸ਼ਾਵਰ ਜਾ ਰਹੀ ‘ਰਹਿਮਾਨ ਬਾਬਾ ਐਕਸਪ੍ਰੈੱਸ’ ਮੁਲਤਾਨ ਵਿੱਚ ਸ਼ੇਰ ਸ਼ਾਹ ਪੁਲ ਨੇੜੇ ਪਟੜੀ ਤੋਂ ਉਤਰ ਗਈ। ਪੁਲਸ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਯਾਤਰੀ ਜ਼ਖ਼ਮੀ ਹੋਏ ਹਨ।

ਸਵੇਰੇ 5:15 ਵਜੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 5:15 ਵਜੇ ਵਾਪਰਿਆ। ਟਰੇਨ ਦੇ ਪਟੜੀ ਤੋਂ ਉਤਰਨ ਮਗਰੋਂ ਮੌਕੇ ’ਤੇ ਬਚਾਅ ਟੀਮਾਂ ਨੂੰ ਬੁਲਾਇਆ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਮੁਲਤਾਨ ਦੇ ਨਿਸ਼ਤਰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਅਨੁਸਾਰ 13 ਬੋਗੀਆਂ ਖਾਲੀ ਕਰਵਾ ਲਈਆਂ ਗਈਆਂ ਹਨ, ਜਦਕਿ ਇੱਕ ਹੋਰ ਬੋਗੀ ਵਿੱਚ ਬਚਾਅ ਕਾਰਜ ਜਾਰੀ ਸੀ।

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜਤਾਈ ਚਿੰਤਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਅਤੇ ਜ਼ਖ਼ਮੀਆਂ ਨੂੰ ਬਿਨਾਂ ਦੇਰੀ ਦੇ ਬਿਹਤਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

ਟਰੇਨ ਦੀ ਮੁਰੰਮਤ ਨੂੰ ਲੈ ਕੇ ਯਾਤਰੀ ਨੇ ਕੀਤਾ ਦਾਅਵਾ

ਇੱਕ ਯਾਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਹਾਦਸੇ ਤੋਂ ਪਹਿਲਾਂ ਰੋਹੜੀ ਨੇੜੇ ਟਰੇਨ ਦੀ ਨੌਂ ਨੰਬਰ ਬੋਗੀ ਦੇ ਨਟ-ਬੋਲਟ ਦੀ ਮੁਰੰਮਤ ਕੀਤੀ ਗਈ ਸੀ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮੁਰੰਮਤ ਅਤੇ ਹਾਦਸੇ ਵਿਚਕਾਰ ਕੋਈ ਸਬੰਧ ਸੀ ਜਾਂ ਨਹੀਂ।

ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ

ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਬਾਰੇ ਸਪੱਸ਼ਟਤਾ ਆਉਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਪਹਿਲਾਂ ਵੀ ਕਈ ਵੱਡੇ ਰੇਲ ਹਾਦਸੇ ਵਾਪਰ ਚੁੱਕੇ ਹਨ। ਅਗਸਤ 2023 ਵਿੱਚ ਸਿੰਧ ਦੇ ਨਵਾਬਸ਼ਾਹ ਨੇੜੇ ਹਜ਼ਾਰਾ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version