ਹਰਿਆਣਾ : ਕੈਥਲ ਦੇ ਕਰਨਾਲ ਰੋਡ ‘ਤੇ ਬੀਤੀ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ। ਪਿੰਡ ਨਾਰਦ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਭਰਾ ਅਤੇ ਉਨ੍ਹਾਂ ਦਾ ਗੁਆਂਢੀ ਸ਼ਾਮਲ ਹਨ। ਇਸ ਦਰਦਨਾਕ ਹਾਦਸੇ ਦੀ ਖ਼ਬਰ ਮਿਲਦੇ ਹੀ ਸ਼ਹਿਰ ਦੇ ਖੁਰਾਣਾ ਰੋਡ ਇਲਾਕੇ ਵਿੱਚ ਸੋਗ ਫੈਲ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਕਰਨਾਲ ਤੋਂ ਵਾਪਸ ਆਉਂਦੇ ਸਮੇਂ ਨਾਰਦ ਬੱਸ ਸਟਾਪ ਨੇੜੇ ਵਾਪਰਿਆ ਹਾਦਸਾ
ਜਾਣਕਾਰੀ ਦੇ ਅਨੁਸਾਰ, ਖੁਰਾਣਾ ਰੋਡ ਦਾ ਰਹਿਣ ਵਾਲਾ 27 ਸਾਲਾ ਰਕਸ਼ਤ, ਉਸਦਾ ਵੱਡਾ ਭਰਾ, 29 ਸਾਲਾ ਅਭਿਸ਼ੇਕ ਅਤੇ ਗੁਆਂਢ ਵਿੱਚ ਰਹਿਣ ਵਾਲੇ 38 ਸਾਲਾ ਕ੍ਰਿਸ਼ਨਾ ਕਿਸੇ ਕੰਮ ਲਈ ਆਪਣੀ ਕਾਰ ਵਿੱਚ ਕਰਨਾਲ ਗਿਆ ਸੀ। ਅੱਧੀ ਰਾਤ ਨੂੰ, ਜਦੋਂ ਤਿੰਨੇ ਕੈਥਲ ਵਾਪਸ ਆ ਰਹੇ ਸਨ, ਤਾਂ ਜਿਵੇਂ ਹੀ ਉਨ੍ਹਾਂ ਦੀ ਕਾਰ ਕਰਨਾਲ ਰੋਡ ‘ਤੇ ਪਿੰਡ ਨਾਰਦ ਦੇ ਬੱਸ ਸਟਾਪ ਦੇ ਨੇੜੇ ਪਹੁੰਚੀ, ਅਚਾਨਕ ਹਦਾਸੇ ਦਾ ਸ਼ਿਕਾਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਅਤੇ ਉਸ ਵਿੱਚ ਸਵਾਰ ਤਿੰਨੋਂ ਲੋਕਾਂ ਨੇ ਦਮ ਤੋੜ ਦਿੱਤਾ।
ਸਾਬਕਾ ਵਿਧਾਇਕ ਦੇ ਪਰਿਵਾਰ ‘ਤੇ ਟੁੱਟਿਆ ਦੁੱਖਾ ਦਾ ਪਹਾੜ
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋ ਭਰਾ, ਰਕਸ਼ਤ ਅਤੇ ਅਭਿਸ਼ੇਕ, ਕਲਾਇਤ ਦੇ ਸਾਬਕਾ ਵਿਧਾਇਕ ਭਗਤ ਰਾਮ ਦੇ ਪੜਪੋਤੇ ਸਨ। ਇੱਕੋ ਪਰਿਵਾਰ ਦੇ ਦੋ ਚਮਕਦੇ ਸਿਤਾਰਿਆਂ ਦੇ ਅਚਾਨਕ ਚਲੇ ਜਾਣ ਨਾਲ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਦਸੇ ਸਮੇਂ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਗੱਡੀ ਦੀ ਹਾਲਤ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਜਾਂਚ ਵਿੱਚ ਜੁੱਟੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਡਾਇਲ 112 ਅਤੇ ਸਥਾਨਕ ਪੁਲਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਮੁਲਾਜ਼ਮਾਂ ਨੇ ਰਾਹਗੀਰਾਂ ਦੀ ਮਦਦ ਨਾਲ, ਕਾਫ਼ੀ ਮਿਹਨਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਕੈਥਲ ਦੇ ਸਿਵਲ ਹਸਪਤਾਲ ਭੇਜ ਦਿੱਤਾ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਕੀ ਵਾਹਨ ਕਿਸੇ ਹੋਰ ਵਾਹਨ ਨਾਲ ਟਕਰਾਇਆ ਜਾਂ ਬੇਕਾਬੂ ਹੋ ਕੇ ਪਲਟ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
