ਪਾਕਿਸਤਾਨ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ਵਿੱਚ ਸਥਿਤ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਮਾਲਮ ਜੱਬਾ ਦੇ ਰਸਤੇ ਵਿੱਚ ਇਹ ਹਾਦਸਾ ਵਾਪਰਿਆ। ਜਾਣਕਾਰੀ ਦੇ ਅਨੁਸਾਰ, ਇੱਕ ਵੈਨ ਦੇ ਖਾਈ ਵਿੱਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਲੋਕ ਇੱਕ ਵਿਆਹ ਵਿੱਚ ਸ਼ਾਮਲ ਹੋਣ ਜਾਣ ਰਹੇ ਸਨ।
ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ
ਬਚਾਅ ਟੀਮਾਂ ਦੇ ਅਨੁਸਾਰ, ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜਿਸ ਵਿੱਚ ਲਾੜੇ ਦੀ ਮਾਂ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਡੂੰਘੀ ਖਾਈ ਵਿੱਚ ਡਿੱਗ ਗਈ। ਜਦੋਂ ਤੱਕ ਮੈਡੀਕਲ ਟੀਮਾਂ ਅਤੇ ਸਰਕਾਰੀ ਅਧਿਕਾਰੀ ਮੌਕੇ ‘ਤੇ ਪਹੁੰਚੇ, ਸਥਾਨਕ ਨਿਵਾਸੀ ਪਹਿਲਾਂ ਹੀ ਬਚਾਅ ਕਾਰਜ ਸ਼ੁਰੂ ਕਰ ਚੁੱਕੇ ਸਨ।
ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸੈਦੂ ਸ਼ਰੀਫ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਪਹਾੜੀ ਇਲਾਕਾ ਹੋਣ ਦੇ ਕਰਕੇ, ਬਚਾਅ ਕਾਰਜ ਆਮ ਤੌਰ ‘ਤੇ ਮੁਸ਼ਕਲ ਹੁੰਦੇ ਹਨ। ਇਸ ਤੋਂ ਇਲਾਵਾ, ਸਥਾਨਕ ਅਧਿਕਾਰੀਆਂ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
