Home ਪੰਜਾਬ ਅੱਜ “ਈਟ ਰਾਈਟ ਮੇਲਾ–2026” ਬਹਾਵਲਪੁਰ ਪੈਲੇਸ ਵਿਖੇ

ਅੱਜ “ਈਟ ਰਾਈਟ ਮੇਲਾ–2026” ਬਹਾਵਲਪੁਰ ਪੈਲੇਸ ਵਿਖੇ

0
ਪਟਿਆਲਾ: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਖੁਰਾਕ ਤੇ ਡਰੱਗਜ਼ ਪ੍ਰਸ਼ਾਸਨ ਪੰਜਾਬ ਦੇ ਸਹਿਯੋਗ ਨਾਲ ਅੱਜ , 9 ਅਪ੍ਰੈਲ ਨੂੰ ਬਹਾਵਲਪੁਰ ਪੈਲੇਸ ਵਿਖੇ “ਈਟ ਰਾਈਟ ਮੇਲਾ–2026” ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 10 ਵਜੇ ਸ਼ੁਰੂ ਹੋ ਕੇ ਦਿਨ ਭਰ ਜਾਰੀ ਰਹੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਮੂਲ ਅਨਾਜਾਂ (ਮਿਲੇਟਸ) ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਇਹਨਾਂ ਅਨਾਜਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਜੀ ਸਕਣ। ਉਨ੍ਹਾਂ ਹੋਰ ਕਿਹਾ ਕਿ ਅੱਜਕੱਲ੍ਹ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਇਸ ਲਈ ਇਹ ਮੇਲਾ ਲੋਕਾਂ ਨੂੰ ਸਹੀ ਤੇ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦੇਣ ਲਈ ਇਕ ਵੱਡਾ ਉਪਰਾਲਾ ਹੈ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਅਤੇ ਖੁਰਾਕ ਸੁਰੱਖਿਆ ਅਧਿਕਾਰੀ ਗੌਰਵ ਕੁਮਾਰ, ਤਰੁਣ ਬਾਂਸਲ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਨੁੱਕੜ ਨਾਟਕਾਂ ਰਾਹੀਂ ਸਿਹਤ ਸਬੰਧੀ ਸੁਨੇਹੇ ਦਿੱਤੇ ਜਾਣਗੇ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਪਟਿਆਲਾ ਦੇ ਪ੍ਰਸਿੱਧ ਭੋਜਨਾਂ ਦੇ ਸਟਾਲ ਲਗਾਏ ਜਾਣਗੇ, ਜਿੱਥੇ ਸਾਫ-ਸੁਥਰਾ ਅਤੇ ਸਿਹਤਮੰਦ ਖਾਣਾ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਚੱਲਦੀ ਫਿਰਦੀ ਖੁਰਾਕ ਜਾਂਚ ਪ੍ਰਦਰਸ਼ਨੀ, ਮੂਲ ਅਨਾਜਾਂ ਨਾਲ ਸੰਬੰਧਤ ਵਿਸ਼ੇਸ਼ ਸਟਾਲਾਂ ਅਤੇ ਹੋਰ ਕਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਹੀ ਖੁਰਾਕ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

NO COMMENTS

LEAVE A REPLY

Please enter your comment!
Please enter your name here

Exit mobile version