ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, 4 ਜੂਨ ਤੋਂ 6 ਜੂਨ ਤੱਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ-ਤੂਫ਼ਾਨ ਅਤੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਸਮੇਂ ਹੀਟਵੇਵ ਵਰਗੀਆਂ ਸਥਿਤੀਆਂ ਨਹੀਂ ਬਣ ਰਹੀਆਂ ਹਨ, ਹਾਲਾਂਕਿ ਜੂਨ ਦੀ ਸ਼ੁਰੂਆਤ ਦੇ ਨਾਲ ਤਾਪਮਾਨ ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਆਮ ਨਾਲੋਂ ਕਈ ਗੁਣਾ ਜ਼ਿਆਦਾ ਮੀਂਹ
ਪਿਛਲੇ 24 ਘੰਟਿਆਂ ਦੌਰਾਨ, ਅੰਮ੍ਰਿਤਸਰ ਵਿੱਚ 7.8 ਮਿਲੀਮੀਟਰ, ਤਰਨਤਾਰਨ ਵਿੱਚ 4.7 ਮਿਲੀਮੀਟਰ, ਗੁਰਦਾਸਪੁਰ ਵਿੱਚ 3.8 ਮਿਲੀਮੀਟਰ, ਫਿਰੋਜ਼ਪੁਰ ਵਿੱਚ 2.2 ਮਿਲੀਮੀਟਰ ਅਤੇ ਫਰੀਦਕੋਟ ਵਿੱਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦੂਜੇ ਪਾਸੇ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੋਈ ਮੀਂਹ ਨਹੀਂ ਪਿਆ। ਜਦਕਿ 1 ਤੋਂ 3 ਜੂਨ ਤੱਕ ਦੇ ਅੰਕੜਿਆਂ ਦੇ ਆਧਾਰ ‘ਤੇ, ਅੰਮ੍ਰਿਤਸਰ ਵਿੱਚ ਆਮ ਨਾਲੋਂ 460 ਪ੍ਰਤੀਸ਼ਤ, ਤਰਨਤਾਰਨ ਵਿੱਚ 200 ਪ੍ਰਤੀਸ਼ਤ ਅਤੇ ਫਿਰੋਜ਼ਪੁਰ ਵਿੱਚ 175 ਪ੍ਰਤੀਸ਼ਤ ਮੀਂਹ ਪਿਆ। ਇਸ ਦੌਰਾਨ, ਪਠਾਨਕੋਟ, ਜਲੰਧਰ, ਮੋਹਾਲੀ ਅਤੇ ਸੰਗਰੂਰ ਵਰਗੇ ਕਈ ਜ਼ਿਲ੍ਹਿਆਂ ਵਿੱਚ ਇੱਕ ਵੀ ਮਿਲੀਮੀਟਰ ਮੀਂਹ ਦਰਜ ਨਹੀਂ ਹੋਇਆ ਹੈ। ਇਹੀ ਕਾਰਨ ਹੈ ਕਿ ਸੂਬੇ ਭਰ ਵਿੱਚ ਮੀਂਹ ਦੀ ਵੰਡ ਅਸਮਾਨ ਬਣੀ ਹੋਈ ਹੈ।
ਇਨ੍ਹਾਂ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ
5 ਜੂਨ: ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗਰਜ, ਬਿਜਲੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
