ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ‘ਚ ਅੱਜ , ਬੁੱਧਵਾਰ ਨੂੰ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਕਾਰੋਬਾਰ ਸ਼ੁਰੂ ਹੁੰਦੇ ਹੀ ਸੈਂਸੈਕਸ ਅਤੇ ਨਿਫਟੀ ‘ਚ ਵੱਡੇ ਲਾਭ ਦਰਜ ਕੀਤੇ ਗਏ। ਬਾਜ਼ਾਰ ‘ਚ ਚੌਤਰਫਾ ਖਰੀਦਦਾਰੀ ਦੇ ਚੱਲਦਿਆਂ ਅਜਿਹਾ ਲੱਗਿਆ ਕਿ ਦਲਾਲ ਸਟਰੀਟ ‘ਤੇ ਬੁਲਸ ਹਾਵੀ ਹੋ ਗਏ ਹਨ । ਖਾਸ ਗੱਲ ਇਹ ਸੀ ਕਿ ਸੈਂਸੈਕਸ ਦੇ ਸਾਰੇ 30 ਸ਼ੇਅਰ ਹਰੇ ਰੰਗ ‘ਚ ਕਾਰੋਬਾਰ ਕਰਦੇ ਨਜ਼ਰ ਆਏ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਖਰੀਦਦਾਰੀ, ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਅਤੇ ਕੰਪਨੀਆਂ ਦੇ ਬਿਹਤਰ ਦੂਜੀ ਤਿਮਾਹੀ ਦੇ ਨਤੀਜਿਆਂ ਨੇ ਬਾਜ਼ਾਰ ਦੀ ਗਤੀ ਨੂੰ ਮਜ਼ਬੂਤ ਕੀਤਾ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,143.87 ਅੰਕ ਜਾਂ 1.41 ਫੀਸਦੀ ਦੇ ਵਾਧੇ ਨਾਲ 82,250.52 ‘ਤੇ ਖੁੱਲ੍ਹਿਆ। ਸਵੇਰੇ 9.38 ਵਜੇ ਕਾਰੋਬਾਰ ਦੌਰਾਨ ਇਹ 1,343 ਅੰਕਾਂ ਤੋਂ ਵੱਧ ਦੀ ਛਾਲ ਮਾਰ ਕੇ 82,449.68 ਦੇ ਪੱਧਰ ‘ਤੇ ਪਹੁੰਚ ਗਿਆ। ਇਸ ਦੌਰਾਨ ਸੈਂਸੈਕਸ ਦੇ ਸਾਰੇ 30 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ।
ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਨਿਫਟੀ ਵੀ ਮਜ਼ਬੂਤੀ ਨਾਲ ਖੁੱਲ੍ਹਿਆ। ਇਹ 293.15 ਅੰਕ ਜਾਂ 1.17 ਫੀਸਦੀ ਵਧ ਕੇ 25,337.80 ‘ਤੇ ਖੁੱਲ੍ਹਿਆ। ਸਵੇਰੇ 9.40 ਵਜੇ ਨਿਫਟੀ 356.35 ਅੰਕ ਜਾਂ 1.42 ਫੀਸਦੀ ਦੇ ਵਾਧੇ ਨਾਲ 25,401 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ‘ਚ ਇਸ ਉਛਾਲ ਕਾਰਨ ਨਿਵੇਸ਼ਕਾਂ ਦੀ ਦੌਲਤ ‘ਚ ਕਰੀਬ 6 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਨਾਲ ਬਾਜ਼ਾਰ ਨੂੰ ਮਿਲਿਆ ਸਮਰਥਨ
ਬਾਜ਼ਾਰ ‘ਚ ਤੇਜ਼ੀ ਦਾ ਮੁੱਖ ਕਾਰਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੀ ਭਾਰਤੀ ਸ਼ੇਅਰ ਬਾਜ਼ਾਰ ‘ਚ ਵਾਪਸੀ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਨਰਮੀ ਨਾਲ ਵੀ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ। ਕੰਪਨੀਆਂ ਦੇ ਉਮੀਦ ਤੋਂ ਬਿਹਤਰ ਦੂਜੀ ਤਿਮਾਹੀ ਦੇ ਨਤੀਜਿਆਂ ਨੇ ਵੀ ਬਾਜ਼ਾਰ ‘ਚ ਖਰੀਦਦਾਰੀ ਨੂੰ ਉਤਸ਼ਾਹਿਤ ਕੀਤਾ ਹੈ।
