Home ਧਰਮ ਸ੍ਰੀ ਦਰਬਾਰ ਸਾਹਿਬ ਦੇ ਗੁੰਬਦਾਂ ‘ਤੇ ਲੱਗੇ ਸੋਨੇ ਦੀ ਧੋਆਈ ਦਾ ਕੰਮ...

ਸ੍ਰੀ ਦਰਬਾਰ ਸਾਹਿਬ ਦੇ ਗੁੰਬਦਾਂ ‘ਤੇ ਲੱਗੇ ਸੋਨੇ ਦੀ ਧੋਆਈ ਦਾ ਕੰਮ ਅੱਜ ਤੋਂ ਹੋਇਆ ਸ਼ੁਰੂ

0

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ) ਦੇ ਗੁੰਬਦਾਂ ‘ਤੇ ਲੱਗੇ ਸੋਨੇ ਦੀ ਧੋਆਈ ਦਾ ਕੰਮ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਿਆ । ਸ਼੍ਰੋਮਣੀ ਕਮੇਟੀ ਨੇ ਇਹ ਕਾਰਜ ਬਰਮਿੰਘਮ ਸਥਿਤ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਸੌਂਪਿਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਸੋਨੇ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ,ਇਸ ਦੀ ਸਮੇਂ-ਸਮੇਂ ‘ਤੇ ਧੋਆਈ ਕੀਤੀ ਜਾਂਦੀ ਹੈ , ਜੋ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਕ ਜਥਾ ਇਹ ਸੇਵਾ ਮੁਫ਼ਤ ਪ੍ਰਦਾਨ ਕਰਦਾ ਹੈ। ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਘੰਟਾ ਘਰ ਡਿਉੜੀ ਦੇ ਗੁੰਬਦਾਂ ‘ਤੇ ਲੱਗੇ ਸੋਨੇ ਦੀ ਪਰਤ ਦੀ ਧੋਆਈ ਕਰਨਗੇ । ਉਨ੍ਹਾਂ ਅੱਗੇ ਕਿਹਾ ਕਿ ਨਿਸ਼ਕਾਮ ਸੇਵਕ ਜਥਾ ਲੋੜ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿੱਚ ਸੋਨੇ ਦੀ ਪਰਤ ਅਤੇ ਤਾਮਚੀਨੀ ਦੀ ਮੁਰੰਮਤ ਵੀ ਲਗਾਤਾਰ ਕਰਦਾ ਰਹਿੰਦਾ ਹੈ।

ਇਸ ਦੌਰਾਨ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਨੇ ਕਿਹਾ ਕਿ, ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਥਾ ਹਰ ਸਾਲ ਸੋਨੇ ਦੀ ਧੋਆਈ ਦਾ ਕੰਮ ਕਰਦਾ ਹੈ। ਇਸ ਸਾਲ ਵੀ, ਸੰਗਤ ਸੋਨੇ ਦੀ ਧੋਆਈ ਲਈ ਵਿਸ਼ੇਸ਼ ਤੌਰ ‘ਤੇ ਆਈ ਹੈ । ਉਨ੍ਹਾਂ ਦੱਸਿਆ ਕਿ ਇਹ ਸੇਵਾ ਲਗਭਗ 10-12 ਦਿਨ ਚੱਲੇਗੀ, ਜਿਸ ਦੌਰਾਨ ਪਵਿੱਤਰ ਸਥਾਨ ਦੇ ਬਾਹਰਲੇ ਹਿੱਸੇ ‘ਤੇ ਲੱਗੇ ਸੋਨੇ ਨੂੰ ਕੁਦਰਤੀ ਢੰਗ ਨਾਲ ਧੋਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੋਆਈ ਦੇ ਲਈ ਰੀਠਾ ਉੁਬਾਲ ਕੇ ਪਾਣੀ ਅਤੇ ਨਿੰਬੂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਪੂਰੀ ਤਰ੍ਹਾਂ ਨਾਲ ਕੁਦਰਤੀ ਤਰੀਕਾ ਹੈ ਅਤੇ ਇਸ ਵਿੱਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ।

NO COMMENTS

LEAVE A REPLY

Please enter your comment!
Please enter your name here

Exit mobile version