ਮੁੰਬਈ : ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫ਼ਿਲਮ ‘ਰਾਮਾਇਣ’ ਦੀ ਟੀਮ ਨੇ 5 ਨਵੰਬਰ ਨੂੰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਨਵਾਂ ਇੰਟਰਨੈਸ਼ਨਲ ਟ੍ਰੇਲਰ ਜਾਰੀ ਕਰ ਦਿੱਤਾ ਹੈ। ਇਸ ਨਵੇਂ ਟ੍ਰੇਲਰ ਵਿੱਚ ਫ਼ਿਲਮ ਦੇ ਕੁਝ ਨਵੇਂ ਦ੍ਰਿਸ਼ ਦਿਖਾਏ ਗਏ ਹਨ, ਜਿਨ੍ਹਾਂ ਵਿੱਚ ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਨਜ਼ਰ ਆ ਰਹੇ ਹਨ। ਨਵੇਂ ਟ੍ਰੇਲਰ ਵਿੱਚ ਰਣਬੀਰ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਵਿੱਚ ਰਾਖਸ਼ਾਂ ਦੀ ਫ਼ੌਜ ਨਾਲ ਲੜਦੇ ਨਜ਼ਰ ਆ ਰਹੇ ਹਨ ਅਤੇ ਅਸੁਰ ਰਾਜਾ ਰਾਵਣ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਰਾਮ ਦੇ ਰੂਪ ਵਿੱਚ ਰਣਬੀਰ ਕਪੂਰ ਅਤੇ ਲੰਕਾਪਤੀ ਰਾਵਣ ਦੀ ਭੂਮਿਕਾ ਵਿੱਚ ਯਸ਼ ਦੇ ਨਵੇਂ ਪੋਸਟਰ ਵੀ ਜਾਰੀ ਕੀਤੇ ਗਏ ਹਨ। ਇਹ ਟ੍ਰੇਲਰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਣ ਦੀ ਨਿਰਮਾਤਾਵਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹਿੰਦੀ, ਅੰਗਰੇਜ਼ੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਉਪਲਬਧ ਇਹ ਟ੍ਰੇਲਰ ਭਗਵਾਨ ਰਾਮ ਅਤੇ ਰਾਵਣ ਦੀਆਂ ਵੱਖ-ਵੱਖ ਦੁਨੀਆਵਾਂ ਨੂੰ ਦਰਸਾਉਂਦਾ ਹੈ।
ਰਾਮਾਇਣ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼
ਨਿਤੇਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਅਤੇ ਨਮਿਤ ਮਲਹੋਤਰਾ ਵੱਲੋਂ ਨਿਰਮਿਤ ‘ਰਾਮਾਇਣ’ ਦੇ ਨਵੇਂ ਟ੍ਰੇਲਰ ਵਿੱਚ ਕੁਨਾਲ ਕਪੂਰ ਭਗਵਾਨ ਇੰਦਰ ਦੇਵ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਇਸ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਰਾਵਣ ਨੇ ਲੰਕਾ ਉੱਤੇ ਕਿਵੇਂ ਕਬਜ਼ਾ ਕੀਤਾ ਸੀ। ਇਸ ਇੰਟਰਨੈਸ਼ਨਲ ਟ੍ਰੇਲਰ ਵਿੱਚ ਭਗਵਾਨ ਰਾਮ ਦੇ ਰੂਪ ਵਿੱਚ ਰਣਬੀਰ ਕਪੂਰ ਅਤੇ ਸੀਤਾ ਦੇ ਰੂਪ ਵਿੱਚ ਸਾਈ ਪੱਲਵੀ ਦੀਆਂ ਨਵੀਆਂ ਝਲਕੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਟ੍ਰੇਲਰ ਵਿੱਚ ਰਾਮ ਤਿੰਨਾਂ ਲੋਕਾਂ ਦੇ ਸਾਹਮਣੇ ਰਾਵਣ ਦਾ ਵਧ ਕਰਨ ਦੀ ਸਹੁੰ ਚੁੱਕਦੇ ਹਨ। ਦੂਜੇ ਪਾਸੇ, ਰਾਵਣ ਖ਼ੁਦ ਨੂੰ ਤਿੰਨਾਂ ਲੋਕਾਂ ਦਾ ਸਰਵਉੱਚ ਸ਼ਾਸਕ ਦੱਸਦਾ ਹੈ, ਜਿਸ ਨੂੰ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਹੈ ਅਤੇ ਮਨੁੱਖ ਉਸ ਦੇ ਖ਼ੌਫ਼ ਨਾਲ ਕੰਬਦੇ ਹਨ।
ਬੈਂਗਲੁਰੂ ਵਿੱਚ ਰੱਖਿਆ ਗਿਆ ਟ੍ਰੇਲਰ ਲਾਂਚ ਸਮਾਗਮ
‘ਰਾਮਾਇਣ’ ਦੇ ਨਿਰਮਾਤਾਵਾਂ ਨੇ ਵੀਰਵਾਰ, 15 ਅਕਤੂਬਰ ਨੂੰ ਬੈਂਗਲੁਰੂ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਫ਼ਿਲਮ ਦਾ ਇੰਟਰਨੈਸ਼ਨਲ ਟ੍ਰੇਲਰ ਜਾਰੀ ਕੀਤਾ। ਇਸ ਲਾਂਚ ਸਮਾਗਮ ਵਿੱਚ ਫ਼ਿਲਮ ਦੀ ਮੁੱਖ ਕਲਾਕਾਰ ਟੀਮ ਅਤੇ ਰਚਨਾਤਮਕ ਟੀਮ ਸ਼ਾਮਲ ਹੋਈ। ਇਸ ਦੇ ਨਾਲ ਹੀ ਸੋਨੀ ਪਿਕਚਰਜ਼ ਨੇ ਇਸ ਮਹਾਂਕਾਵਿ ਦੀ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਤੋਂ ਪਹਿਲਾਂ ਆਪਣੀ ਗਲੋਬਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਸ ਸਮਾਗਮ ਵਿੱਚ ਰਣਬੀਰ ਕਪੂਰ, ਸਾਈ ਪੱਲਵੀ, ਰੌਕਿੰਗ ਸਟਾਰ ਯਸ਼, ਰਵੀ ਦੁਬੇ, ਸੰਗੀਤਕਾਰ ਏ.ਆਰ. ਰਹਿਮਾਨ ਅਤੇ ਨਿਰਦੇਸ਼ਕ ਨਿਤੇਸ਼ ਤਿਵਾਰੀ ਮੌਜੂਦ ਸਨ। ਸੋਨੀ ਪਿਕਚਰਜ਼ ਇਸ ਗਲੋਬਲ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ, ਜਿਸ ਦਾ ਮਕਸਦ ਭਾਰਤ ਤੋਂ ਬਾਹਰ ਦੇ ਦਰਸ਼ਕਾਂ ਤੱਕ ‘ਰਾਮਾਇਣ’ ਨੂੰ ਪਹੁੰਚਾਉਣਾ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਨਵੇਂ ਟ੍ਰੇਲਰ ਦਾ ਪ੍ਰੋਮੋ ਜਾਰੀ ਕੀਤਾ ਸੀ, ਜਿਸ ਦੇ ‘ਭਗਵਾਨ ਨਹੀਂ, ਇਨਸਾਨ ਹਨ ਰਾਮ’ ਡਾਇਲਾਗ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਸੀ।
‘ਰਾਮਾਇਣ’ ਦੀ ਰਿਲੀਜ਼ ਬਾਰੇ ਪੂਰੀ ਜਾਣਕਾਰੀ
ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੇ ਰੂਪ ਵਿੱਚ, ਸਾਈ ਪੱਲਵੀ ਸੀਤਾ ਦੇ ਰੂਪ ਵਿੱਚ, ਯਸ਼ ਰਾਵਣ ਦੇ ਰੂਪ ਵਿੱਚ, ਸੰਨੀ ਦਿਓਲ ਹਨੂੰਮਾਨ ਦੇ ਰੂਪ ਵਿੱਚ ਅਤੇ ਰਵੀ ਦੁਬੇ ਲਕਸ਼ਮਣ ਦੇ ਰੂਪ ਵਿੱਚ ਨਜ਼ਰ ਆਉਣਗੇ। ਇਸ ਸ਼ਾਨਦਾਰ ਫ਼ਿਲਮ ਦਾ ਹਿੱਸਾ ਅਨੁਪਮ ਖੇਰ ਵੀ ਹਨ। ਉਹ ਜਟਾਯੂ ਨੂੰ ਆਪਣੀ ਆਵਾਜ਼ ਦੇਣਗੇ। ਜਟਾਯੂ ਨੇ ਸੀਤਾ ਨੂੰ ਰਾਵਣ ਦੇ ਚੁੰਗਲ ਤੋਂ ਬਚਾਉਣ ਲਈ ਆਪਣੀਆਂ ਜਾਨ ਕੁਰਬਾਨ ਕਰ ਦਿੱਤੀ ਸੀ।
ਨਿਤੇਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ‘ਰਾਮਾਇਣ’ ਨੂੰ ਨਮਿਤ ਮਲਹੋਤਰਾ ਦੇ ‘ਪ੍ਰਾਈਮ ਫੋਕਸ ਸਟੂਡੀਓਜ਼’ ਨੇ DNEG ਅਤੇ ਯਸ਼ ਦੇ ‘ਮੌਨਸਟਰ ਮਾਈਂਡ ਕ੍ਰਿਏਸ਼ਨਜ਼’ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਇਹ ਫ਼ਿਲਮ ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਪਹਿਲਾ ਭਾਗ 5 ਨਵੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ। ਦੂਜਾ ਭਾਗ ਦੀਵਾਲੀ 2027 ਦੌਰਾਨ ਰਿਲੀਜ਼ ਕੀਤਾ ਜਾਵੇਗਾ।
