ਧਾਰਮਿਕ ਡੈਸਕ: ਭੈਣ-ਭਰਾ ਦੇ ਪਿਆਰ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਭਾਈ ਦੂਜ ਦਾ ਤਿਉਹਾਰ ਇਸ ਸਾਲ 11 ਨਵੰਬਰ 2026, ਬੁੱਧਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀਆਂ ਹਨ। ਇਸ ਦੇ ਬਦਲੇ ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ।
ਭਾਈ ਦੂਜ ਨੂੰ ਭਾਊ ਬੀਜ ਅਤੇ ਭਾਤ੍ਰ ਦਵਿਤੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਕਈ ਥਾਵਾਂ ’ਤੇ ਭਗਵਾਨ ਚਿੱਤਰਗੁਪਤ ਦੀ ਪੂਜਾ ਕਰਨ ਦੀ ਵੀ ਪਰੰਪਰਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਹ ਤਿਉਹਾਰ ਯਮਰਾਜ ਅਤੇ ਉਨ੍ਹਾਂ ਦੀ ਭੈਣ ਯਮੁਨਾ ਦੇ ਮਿਲਾਪ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਭਾਈ ਦੂਜ 2026: ਤਿਲਕ ਲਗਾਉਣ ਦਾ ਸ਼ੁਭ ਮੁਹੂਰਤ
ਇਸ ਸਾਲ ਭਾਈ ਦੂਜ ਮੌਕੇ ਭਰਾ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ 11 ਨਵੰਬਰ ਨੂੰ ਦੁਪਹਿਰ 1:10 ਵਜੇ ਤੋਂ 3:20 ਵਜੇ ਤੱਕ ਰਹੇਗਾ। ਪੰਚਾਂਗ ਅਨੁਸਾਰ ਦਵਿਤੀਆ ਤਿਥੀ 10 ਨਵੰਬਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਅਤੇ 11 ਨਵੰਬਰ ਨੂੰ ਦੁਪਹਿਰ 3:53 ਵਜੇ ਤੱਕ ਰਹੇਗੀ। ਇਸ ਦਿਨ ਸਵੇਰੇ 6:40 ਵਜੇ ਤੋਂ 11:38 ਵਜੇ ਤੱਕ ਸਰਵਾਰਥ ਸਿੱਧੀ ਯੋਗ ਅਤੇ ਅੰਮ੍ਰਿਤ ਸਿੱਧੀ ਯੋਗ ਬਣਨ ਦੀ ਜਾਣਕਾਰੀ ਦਿੱਤੀ ਗਈ ਹੈ।
ਭਾਈ ਦੂਜ ਦੀ ਪੂਜਾ ਕਰਨ ਦੀ ਵਿਧੀ
-
ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਹਿਨੋ।
-
ਇਸ ਤੋਂ ਬਾਅਦ ਘਰ ਦੇ ਪੂਜਾ ਸਥਾਨ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਕਰੋ।
-
ਇੱਕ ਥਾਲੀ ਵਿੱਚ ਹਲਦੀ, ਕੁਮਕੁਮ, ਚੌਲ, ਦੀਵਾ, ਮਠਿਆਈ, ਮੌਲੀ ਅਤੇ ਨਾਰੀਅਲ ਰੱਖੋ।
-
ਸ਼ੁਭ ਸਮੇਂ ’ਤੇ ਭਰਾ ਨੂੰ ਇੱਕ ਚੌਂਕੀ ’ਤੇ ਬਿਠਾਓ ਅਤੇ ਉਸ ਦੇ ਸਿਰ ’ਤੇ ਰੁਮਾਲ ਜਾਂ ਕੱਪੜਾ ਰੱਖੋ।
-
ਭੈਣ ਆਪਣੇ ਭਰਾ ਦੇ ਮੱਥੇ ’ਤੇ ਹਲਦੀ, ਕੁਮਕੁਮ ਅਤੇ ਚੌਲਾਂ ਨਾਲ ਤਿਲਕ ਲਗਾਏ।
-
ਇਸ ਤੋਂ ਬਾਅਦ ਭਰਾ ਦੇ ਗੁੱਟ ’ਤੇ ਮੌਲੀ ਬੰਨ੍ਹ ਕੇ ਉਸ ਦੀ ਆਰਤੀ ਉਤਾਰੋ।
-
ਭਰਾ ਨੂੰ ਮਠਿਆਈ ਖੁਆ ਕੇ ਉਸ ਦੇ ਸੁਖੀ ਅਤੇ ਲੰਮੇ ਜੀਵਨ ਦੀ ਕਾਮਨਾ ਕਰੋ।
-
ਇਸ ਮੌਕੇ ਭਰਾ ਵੀ ਆਪਣੀ ਭੈਣ ਨੂੰ ਤੋਹਫ਼ਾ ਦੇ ਕੇ ਉਸ ਦੀ ਰੱਖਿਆ ਦਾ ਵਚਨ ਦਿੰਦਾ ਹੈ।
-
ਮਾਨਤਾ ਅਨੁਸਾਰ ਭੈਣ ਵੱਲੋਂ ਆਪਣੇ ਹੱਥਾਂ ਨਾਲ ਬਣਾਏ ਪਕਵਾਨ ਭਰਾ ਨੂੰ ਖੁਆਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਭਾਈ ਦੂਜ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?
ਪੌਰਾਣਿਕ ਕਥਾ ਅਨੁਸਾਰ ਯਮੁਨਾ ਆਪਣੇ ਭਰਾ ਯਮਰਾਜ ਨੂੰ ਮਿਲਣ ਲਈ ਅਕਸਰ ਸੱਦਾ ਦਿੰਦੀ ਸੀ। ਇੱਕ ਦਿਨ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਿਤੀਆ ਤਿਥੀ ਨੂੰ ਯਮਰਾਜ ਆਪਣੀ ਭੈਣ ਯਮੁਨਾ ਦੇ ਘਰ ਪਹੁੰਚੇ।
ਭੈਣ ਯਮੁਨਾ ਨੇ ਆਪਣੇ ਭਰਾ ਦਾ ਸਵਾਗਤ ਕੀਤਾ, ਉਨ੍ਹਾਂ ਦੇ ਮੱਥੇ ’ਤੇ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਭੋਜਨ ਕਰਵਾਇਆ। ਭੈਣ ਦੇ ਪਿਆਰ ਤੋਂ ਖੁਸ਼ ਹੋ ਕੇ ਯਮਰਾਜ ਨੇ ਵਰਦਾਨ ਦਿੱਤਾ ਕਿ ਇਸ ਦਿਨ ਜਿਹੜਾ ਭਰਾ ਆਪਣੀ ਭੈਣ ਤੋਂ ਤਿਲਕ ਕਰਵਾਏਗਾ, ਉਸ ਨੂੰ ਅਕਾਲ ਮੌਤ ਦਾ ਡਰ ਨਹੀਂ ਰਹੇਗਾ। ਇਸੇ ਮਾਨਤਾ ਨਾਲ ਭਾਈ ਦੂਜ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ।
ਭਾਈ ਦੂਜ ’ਤੇ ਯਮੁਨਾ ਇਸ਼ਨਾਨ ਦਾ ਮਹੱਤਵ
ਧਾਰਮਿਕ ਮਾਨਤਾਵਾਂ ਅਨੁਸਾਰ ਭਾਈ ਦੂਜ ਵਾਲੇ ਦਿਨ ਭੈਣ-ਭਰਾ ਵੱਲੋਂ ਇਕੱਠੇ ਯਮੁਨਾ ਨਦੀ ਵਿੱਚ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਲੰਮੀ ਉਮਰ ਅਤੇ ਸੁਖੀ ਜੀਵਨ ਦਾ ਆਸ਼ੀਰਵਾਦ ਮਿਲਦਾ ਹੈ।
