ਜਾਲੌਨ/ਮਾਧੌਗੜ੍ਹ: ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਭਾਈ ਦੂਜ ਦੇ ਤਿਉਹਾਰ ਮੌਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਮਾਧੌਗੜ੍ਹ ਕੋਤਵਾਲੀ ਇਲਾਕੇ ਵਿੱਚ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ।
ਜਾਣਕਾਰੀ ਮੁਤਾਬਕ ਇਹ ਹਾਦਸਾ ਮਹੋਈ ਪਿੰਡ ਨੇੜੇ ਲਿਫਟ ਕੈਨਾਲ ਦੇ ਸਾਹਮਣੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅਤੇ ਬਾਈਕ ਦੋਵੇਂ ਸੜਕ ਤੋਂ ਹੇਠਾਂ ਪਾਣੀ ਨਾਲ ਭਰੇ ਖੱਡੇ ਵਿੱਚ ਜਾ ਡਿੱਗੇ।
ਦੱਸਿਆ ਜਾ ਰਿਹਾ ਹੈ ਕਿ 32 ਸਾਲਾ ਨ੍ਰਿਪੇਂਦਰ ਸਿੰਘ ਆਪਣੇ ਪਰਿਵਾਰ ਨਾਲ ਭਾਈ ਦੂਜ ਦਾ ਤਿਉਹਾਰ ਮਨਾਉਣ ਲਈ ਉਰਈ ਤੋਂ ਮੱਧ ਪ੍ਰਦੇਸ਼ ਦੇ ਲਹਾਰ ਵਿੱਚ ਰਹਿੰਦੀ ਆਪਣੀ ਭੈਣ ਦੇ ਘਰ ਜਾ ਰਹੇ ਸਨ। ਪਰ ਰਸਤੇ ਵਿੱਚ ਹੀ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਜਿਸ ਘਰ ਵਿੱਚ ਤਿਉਹਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ, ਉੱਥੇ ਇਸ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ।
ਹਾਦਸੇ ਵਿੱਚ ਨ੍ਰਿਪੇਂਦਰ ਸਿੰਘ, ਉਨ੍ਹਾਂ ਦੇ 17 ਸਾਲਾ ਪੁੱਤਰ ਪਾਰਥ ਅਤੇ 4 ਸਾਲਾ ਧੀ ਮਾਨਵੀ ਦੀ ਜਾਨ ਚਲੀ ਗਈ। ਜਦਕਿ ਉਨ੍ਹਾਂ ਦੀ 30 ਸਾਲਾ ਪਤਨੀ ਆਰਤੀ ਵਰਮਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਨੂੰ ਪਹਿਲਾਂ ਸੀਐੱਚਸੀ ਜਾਲੌਨ ਪਹੁੰਚਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਉਰਈ ਰੈਫਰ ਕਰ ਦਿੱਤਾ ਗਿਆ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਅਤੇ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਪੁਲਿਸ ਨੇ ਪਾਣੀ ਵਿੱਚੋਂ ਚਿੱਟੇ ਰੰਗ ਦੀ ਕੀਆ ਕਾਰ ਅਤੇ ਮੋਟਰਸਾਈਕਲ ਨੂੰ ਬਾਹਰ ਕਢਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਸਵਾਰ ਉੱਥੋਂ ਫ਼ਰਾਰ ਹੋ ਗਏ।
ਸੀਓ ਮਾਧੌਗੜ੍ਹ ਅੰਬੁਜ ਸਿੰਘ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀ ਔਰਤ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਕਾਰ ਸਵਾਰਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
