HomePunjabਅੱਤਵਾਦੀ ਲਖਬੀਰ ਲੰਡਾ ਦੇ ਖ਼ਿਲਾਫ਼ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅੱਤਵਾਦੀ ਲਖਬੀਰ ਲੰਡਾ ਦੇ ਖ਼ਿਲਾਫ਼ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਸਬੰਧਾਂ ਨੂੰ ਠੱਲ੍ਹ ਪਾਉਣ ਦੇ ਉਦੇਸ਼ ਨਾਲ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਦੇਸ਼-ਵਿਦੇਸ਼ ‘ਚ ਬੀਤੇ ਦਿਨ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਬੰਧਿਤ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ ‘ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ।

ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਗਈ। ਇਸ ਦੌਰਾਨ ਸੂਬੇ ਦੇ 28 ਪੁਲਿਸ ਜ਼ਿਲ੍ਹਿਆਂ ਵਿੱਚ ਲਖਬੀਰ ਲੰਡਾ ਦੇ ਕਰੀਬ 297 ਸਾਥੀਆਂ ਨਾਲ ਜੁੜੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਵਿਸ਼ੇਸ਼ ਡੀ.ਜੀ.ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਇੰਸਪੈਕਟਰ ਜਾਂ ਸਬ-ਇੰਸਪੈਕਟਰ ਦੀ ਅਗਵਾਈ ਵਿੱਚ ਮਜ਼ਬੂਤ ​​ਪੁਲਿਸ ਪਾਰਟੀਆਂ ਤਾਇਨਾਤ ਕਰਨ।

ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਵੀ ਪੁਲਿਸ ਟੀਮਾਂ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੀਆਂ 150 ਟੀਮਾਂ, ਜਿਨ੍ਹਾਂ ਵਿੱਚ 1200 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਾਮਲ ਹਨ, ਨੇ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ। ਇਸ ਸਪੈਸ਼ਲ ਆਪ੍ਰੇਸ਼ਨ (ਸੀਏਐਸਓ) ਦੀ ਯੋਜਨਾ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਲਖਬੀਰ ਲੰਡਾ ਦੀ ਹਮਾਇਤ ਕਰਨ ਵਾਲੇ ਮਾਡਿਊਲਾਂ ਨਾਲ ਜੁੜੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਸੀ।

ਵਿਸ਼ੇਸ਼ ਡੀ.ਜੀ.ਪੀ ਨੇ ਦੱਸਿਆ ਕਿ ਹੋਰ ਪੁੱਛਗਿੱਛ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਅਪਰਾਧਿਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ ਇਨ੍ਹਾਂ ਅਪਰਾਧੀਆਂ ਦੇ ਘਰਾਂ ਅਤੇ ਹੋਰ ਥਾਵਾਂ ‘ਤੇ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡਾਟਾ ਵੀ ਇਕੱਠਾ ਕੀਤਾ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਵੀ ਜਾਂਚ ਕੀਤੀ ਅਤੇ ਹਥਿਆਰਾਂ ਦੇ ਸਰੋਤ ਬਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਉਸ ਦੇ ਵਿਦੇਸ਼ ਰਹਿ ਰਹੇ ਪਰਿਵਾਰਕ ਮੈਂਬਰਾਂ ਦੀ ਯਾਤਰਾ, ਵਿਦੇਸ਼ ਤੋਂ ਬੈਂਕ ਲੈਣ-ਦੇਣ, ਵੈਸਟਰਨ ਯੂਨੀਅਨ ਅਤੇ ਜਾਇਦਾਦ ਨਾਲ ਸਬੰਧਤ ਵੇਰਵੇ ਵੀ ਅਗਲੇਰੀ ਜਾਂਚ ਲਈ ਇਕੱਠੇ ਕੀਤੇ ਗਏ ਹਨ। ਵਰਣਨਯੋਗ ਹੈ ਕਿ ਅਜਿਹੇ ਛਾਪੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਵਿਚ ਪੁਲਿਸ ਦਾ ਡਰ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ।
RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments