Home ਹਰਿਆਣਾ ਕਰਨਾਲ ਐਂਟੀ ਕਰੱਪਸ਼ਨ ਬਿਊਰੋ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਚੋਲੀਏ...

ਕਰਨਾਲ ਐਂਟੀ ਕਰੱਪਸ਼ਨ ਬਿਊਰੋ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਚੋਲੀਏ ਨੂੰ ਰੰਗੇ ਹੱਥੀਂ ਕੀਤਾ ਕਾਬੂ

0

ਫਤਿਹਾਬਾਦ: ਜ਼ਿਲ੍ਹਾ ਫਤਿਹਾਬਾਦ ਦੇ ਟੋਹਾਣਾ ਹਲਕਾ ‘ਚ ਕਰਨਾਲ ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਸਿਟੀ ਥਾਣਾ ਟੋਹਾਣਾ ਦੇ ਬਾਹਰ ਵੱਡੀ ਕਾਰਵਾਈ ਕਰਦੇ ਹੋਏ ਇਕ ਵਿਚੋਲੀਏ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ ਹੈ ਕਿ ਐਨ.ਡੀ.ਪੀ.ਐਸ. ਕੇਸ ਵਿੱਚੋਂ ਨਾਮ ਹਟਾਉਣ ਦੇ ਬਦਲੇ 5 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਵਚੋਲੀਆ ਨੇ ਪਹਿਲਾਂ ਹੀ 4.50 ਲੱਖ ਰੁਪਏ ਲੈ ਲਏ ਸਨ। ਕਾਰਵਾਈ ਤੋਂ ਬਾਅਦ ਵਿਚੋਲੀਏ ਦੇ ਬਿਆਨਾਂ ਦੇ ਆਧਾਰ ‘ਤੇ ਏ.ਸੀ.ਬੀ. ਨੇ ਸਿਟੀ ਥਾਣਾ ਇੰਚਾਰਜ ਕੁਲਦੀਪ ਸਿੰਘ ਨੂੰ ਵੀ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਇਲਾਕੇ ਦੇ ਪਿੰਡ ਬਿਠਮਰਾ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਏ.ਸੀ.ਬੀ. ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਅਨੁਸਾਰ ਟੋਹਾਣਾ ਪੁਲਿਸ ਨੇ 11 ਦਸੰਬਰ 2025 ਨੂੰ ਪਿੰਡ ਕਾਨ੍ਹੜ੍ਹੀ ਦੇ ਰਹਿਣ ਵਾਲੇ ਰਾਮਫਲ ਨੂੰ ਸੱਤ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।ਇਸ ਕੇਸ ਵਿੱਚ ਜਗਜੀਤ ਸਿੰਘ ਦਾ ਨਾਂ ਵੀ ਮੁਲਜ਼ਮ ਵਜੋਂ ਸ਼ਾਮਲ ਸੀ।

ਇਲਜ਼ਾਮ ਹੈ ਕਿ ਉਕਲਾਨਾ ਇਲਾਕੇ ਦੇ ਪਿੰਡ ਕਲੇਰ ਭੈਣੀ ਦੇ ਰਹਿਣ ਵਾਲੇ ਕ੍ਰਿਤਪਾਲ ਨੇ ਜਗਜੀਤ ਨਾਲ ਸੰਪਰਕ ਕਰਕੇ ਉਸਦਾ ਨਾਮ ਐਨ.ਡੀ.ਪੀ.ਐਸ. ਕੇਸ ਵਿੱਚੋਂ ਹਟਾਉਣ ਲਈ 5 ਲੱਖ ਰੁਪਏ ਵਿੱਚ ਸੌਦਾ ਕੀਤਾ। ਸ਼ਿਕਾਇਤ ਅਨੁਸਾਰ ਸੌਦੇ ਤਹਿਤ 4.50 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਸਨ ਅਤੇ 50 ਹਜ਼ਾਰ ਰੁਪਏ ਬਾਕੀ ਸਨ।

ਹੁਣ ਕ੍ਰਿਤਪਾਲ ਨੇ ਜਗਜੀਤ ਨੂੰ ਬਕਾਇਆ ਰਕਮ ਵਸੂਲਣ ਲਈ ਟੋਹਾਣਾ ਸਿਟੀ ਥਾਣੇ ਦੇ ਬਾਹਰ ਬੁਲਾਇਆ। ਸ਼ਿਕਾਇਤ ਤੋਂ ਬਾਅਦ ਏ.ਸੀ.ਬੀ. ਨੇ ਜਾਲ ਵਿਛਾਇਆ ਅਤੇ 50 ਹਜ਼ਾਰ ਰੁਪਏ ਦੇ ਨੋਟਾਂ ‘ਤੇ ਕੈਮੀਕਲ ਲਗਾ ਕੇ ਸ਼ਿਕਾਇਤਕਰਤਾ ਨੂੰ ਦੇ ਦਿੱਤਾ। ਜਿਵੇਂ ਹੀ ਜਗਜੀਤ ਨੇ ਕ੍ਰਿਤਪਾਲ ਨੂੰ ਪੈਸੇ ਸੌਂਪੇ ਤਾਂ ਏ.ਸੀ.ਬੀ. ਦੀ ਟੀਮ ਨੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਪੁੱਛਗਿਛ ਦੌਰਾਨ ਵਿਚੋਲੇ ਨੇ ਕਥਿਤ ਤੌਰ ‘ਤੇ ਥਾਣਾ ਇੰਚਾਰਜ ਦੇ ਨਾਂ ‘ਤੇ ਪੈਸੇ ਲੈਣ ਦੀ ਗੱਲ ਕਹੀ। ਇਸ ਤੋਂ ਬਾਅਦ ਏ.ਸੀ.ਬੀ. ਨੇ ਸਿਟੀ ਥਾਣਾ ਇੰਚਾਰਜ ਕੁਲਦੀਪ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਥਾਣਾ ਇੰਚਾਰਜ ਤੋਂ ਕੋਈ ਨਕਦੀ ਬਰਾਮਦ ਨਹੀਂ ਹੋਈ। ਏ.ਸੀ.ਬੀ. ਦੀ ਟੀਮ ਨੇ ਉਸ ਦੇ ਦਫ਼ਤਰ ਅਤੇ ਸਰਕਾਰੀ ਵਾਹਨ ਦੀ ਵੀ ਤਲਾਸ਼ੀ ਲਈ। ਫਿਲਹਾਲ ਏ.ਸੀ.ਬੀ. ਕਰਨਾਲ ਦੀ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version