Home ਖੇਡਾਂ ਭਾਰਤ ’ਚ ਖੇਡੀ ਜਾਵੇਗੀ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ 2027….

ਭਾਰਤ ’ਚ ਖੇਡੀ ਜਾਵੇਗੀ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ 2027….

0

Sports: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਪਹਿਲੀ ਵਾਰ ਹੋਣ ਵਾਲੀ ਮਹਿਲਾ ਚੈਂਪੀਅਨਜ਼ ਟਰਾਫੀ 2027 ਦੀ ਮੇਜ਼ਬਾਨੀ ਭਾਰਤ ਨੂੰ ਸੌਂਪ ਦਿੱਤੀ ਹੈ। ਟੂਰਨਾਮੈਂਟ ਦੀਆਂ ਤਰੀਕਾਂ ਅਤੇ ਮੈਚਾਂ ਲਈ ਚੁਣੇ ਗਏ ਸਟੇਡੀਅਮਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਟੂਰਨਾਮੈਂਟ ਵਿੱਚ ਭਾਰਤ ਸਮੇਤ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। ਮੁਕਾਬਲੇ 14 ਫਰਵਰੀ ਤੋਂ 28 ਫਰਵਰੀ 2027 ਤੱਕ ਭਾਰਤ ਵਿੱਚ ਖੇਡੇ ਜਾਣਗੇ। ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹੋਣਗੀਆਂ।

ICC ਮੁਤਾਬਕ ਟੂਰਨਾਮੈਂਟ ਦੇ ਸਾਰੇ ਮੁਕਾਬਲੇ ਦੋ ਮੈਦਾਨਾਂ ’ਤੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਮੁੰਬਈ ਦਾ ਕ੍ਰਿਕਟ ਕਲੱਬ ਆਫ ਇੰਡੀਆ (CCI) ਅਤੇ ਵਡੋਦਰਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸ਼ਾਮਲ ਹਨ। ਮਹਿਲਾ ਚੈਂਪੀਅਨਜ਼ ਟਰਾਫੀ ਦੇ ਸਾਰੇ ਮੁਕਾਬਲੇ ਟੀ-20 ਫਾਰਮੈਟ ਵਿੱਚ ਖੇਡੇ ਜਾਣਗੇ। ਸਾਰੀਆਂ 6 ਟੀਮਾਂ ਰਾਊਂਡ-ਰਾਬਿਨ ਫਾਰਮੈਟ ਤਹਿਤ ਇੱਕ-ਦੂਜੇ ਨਾਲ ਮੁਕਾਬਲਾ ਕਰਨਗੀਆਂ। ਲੀਗ ਪੜਾਅ ਤੋਂ ਬਾਅਦ ਅੰਕ ਸੂਚੀ ਵਿੱਚ ਚੋਟੀ ’ਤੇ ਰਹਿਣ ਵਾਲੀਆਂ ਦੋ ਟੀਮਾਂ 28 ਫਰਵਰੀ ਨੂੰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ।

ਦੱਸਿਆ ਗਿਆ ਹੈ ਕਿ ਪਹਿਲਾਂ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸ੍ਰੀਲੰਕਾ ਨੂੰ ਦਿੱਤੀ ਗਈ ਸੀ। ਹਾਲਾਂਕਿ ICC ਦੀ ਸਾਲਾਨਾ ਮੀਟਿੰਗ ਵਿੱਚ ਤੈਅ ਕੀਤੇ ਗਏ ਸੁਧਾਰਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਾਰਨ ਟੂਰਨਾਮੈਂਟ ਨੂੰ ਭਾਰਤ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ। ਨਵੇਂ ਮੇਜ਼ਬਾਨ ਲਈ ਬੰਗਲਾਦੇਸ਼, ਭਾਰਤ ਅਤੇ ਦੱਖਣੀ ਅਫਰੀਕਾ ਦੇ ਨਾਵਾਂ ’ਤੇ ਵਿਚਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 1 ਸਤੰਬਰ ਨੂੰ ICC ਬੋਰਡ ਨੇ ਭਾਰਤ ਨੂੰ ਮੇਜ਼ਬਾਨ ਬਣਾਉਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ।

ICC ਦੇ ਚੇਅਰਮੈਨ ਜੈ ਸ਼ਾਹ ਨੇ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਨੂੰ ਮਿਲਣ ਨੂੰ ਮਹਿਲਾ ਕ੍ਰਿਕਟ ਲਈ ਇੱਕ ਰੋਮਾਂਚਕ ਨਵਾਂ ਅਧਿਆਏ ਦੱਸਿਆ ਹੈ। ਉਨ੍ਹਾਂ ਮੁਤਾਬਕ ਇਸ ਟੂਰਨਾਮੈਂਟ ਰਾਹੀਂ ਦੁਨੀਆ ਦੀਆਂ ਸਰਵੋਤਮ ਮਹਿਲਾ ਕ੍ਰਿਕਟ ਟੀਮਾਂ ਨੂੰ ਇੱਕ ਵੱਡੇ ਮੰਚ ’ਤੇ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ।

NO COMMENTS

LEAVE A REPLY

Please enter your comment!
Please enter your name here

Exit mobile version