ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਅੱਜ ਜੰਤਰ-ਮੰਤਰ ‘ਤੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਰਾਜੀਵ ਚੌਕ ਤੋਂ ਲੈ ਕੇ ਪਟੇਲ ਚੌਕ ਅਤੇ ਨਵੀਂ ਦਿੱਲੀ ਤੱਕ 11 ਮੈਟਰੋ ਸਟੇਸ਼ਨਾਂ ‘ਤੇ ਯਾਤਰੀਆਂ ਲਈ ਐਂਟਰੀ-ਐਗਜ਼ਿਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਐਕਸ’ ‘ਤੇ ਪੋਸਟ ਕੀਤਾ ਕਿ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਨਵੀਂ ਦਿੱਲੀ ਜ਼ਿਲ੍ਹੇ ਦੇ 11 ਮੈਟਰੋ ਸਟੇਸ਼ਨਾਂ ‘ਤੇ ਯਾਤਰੀਆਂ ਲਈ ਪ੍ਰਵੇਸ਼ ਅਤੇ ਨਿਕਾਸ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਰਾਜੀਵ ਚੌਕ, ਮੰਡੀ ਹਾਊਸ, ਨਵੀਂ ਦਿੱਲੀ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ‘ਤੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ।
ਇਨ੍ਹਾਂ ਸਟੇਸ਼ਨਾਂ ‘ਤੇ ਐਂਟਰੀ-ਐਗਜ਼ਿਟ ਬੰਦ
- ਜਨਪਥ
- ਪਟੇਲ ਚੌਕ
- ਕੇਂਦਰੀ ਸਕੱਤਰੇਤ
- ਰਾਜੀਵ ਚੌਕ
- ਸੇਵਾ ਤੀਰਥ
- ਮੰਡੀ ਹਾਊਸ।
- ਲੋਕ ਕਲਿਆਣ ਮਾਰਗ
- INA
- ਚਾਵੜੀ ਬਾਜ਼ਾਰ
- ਰਾਮਕ੍ਰਿਸ਼ਨ ਆਸ਼ਰਮ ਮਾਰਗ
- ਨਵੀਂ ਦਿੱਲੀ
ਸੀ.ਈ.ਸੀ. ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ
ਆਮ ਆਦਮੀ ਪਾਰਟੀ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ.ਆਈ.ਐਸ.ਏ.), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.), ਅਤੇ ਇੰਡੀਅਨ ਯੂਥ ਕਾਂਗਰਸ (ਆਈਵਾਈਸੀ) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ‘ਆਪ’ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਵੋਟਰ ਸੂਚੀ ਵਿੱਚੋਂ SIR ਅਧੀਨ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਹਟਾਏ ਜਾਣ ਦੇ ਆਰੋਪ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
ਧਾਰਾ 163 ਲਾਗੂ, ਦੰਗਾ ਕੰਟਰੋਲ ਵਾਹਨ ਤਾਇਨਾਤ
ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ, ਪੁਲਿਸ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਨਾਲ-ਨਾਲ ਦੰਗਾ ਕੰਟਰੋਲ ਵਾਹਨ ਵੀ ਤਾਇਨਾਤ ਕੀਤੇ ਗਏ ਹਨ। ਜੰਤਰ-ਮੰਤਰ ਤੋਂ ਲੈ ਕੇ ਪੂਰੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ BNS ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ।
