HomePunjabਬਸਪਾ-ਅਕਾਲੀ ਦਲ ਗਠਜੋੜ ਨੂੰ ਲੈ ਕੇ ਭਲਕੇ ਹੋਵੇਗਾ ਫ਼ੈਸਲਾ

ਬਸਪਾ-ਅਕਾਲੀ ਦਲ ਗਠਜੋੜ ਨੂੰ ਲੈ ਕੇ ਭਲਕੇ ਹੋਵੇਗਾ ਫ਼ੈਸਲਾ

ਬਲਾਚੌਰ : ਪੰਜਾਬ ਦੀ ਸਿਆਸਤ ‘ਚ ਬੀਤੇ ਦਿਨੀਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਦਾ ਇਹ ਬਿਆਨ ਮੀਡੀਆ ‘ਚ ਛਪਿਆ ਸੀ ਕਿ ਅਸੀਂ ਹੁਣ ਅਕਾਲੀ ਦਲ ਬਾਦਲ ਨਾਲ ਸਿਆਸੀ ਸਬੰਧ ਨਹੀਂ ਰੱਖਾਂਗੇ ਕਿਉਂਕਿ ਅਕਾਲੀ ਦਲ ਬਸਪਾ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਤੇ ਬਸਪਾ ਪ੍ਰਧਾਨ ਨੇ ਇਹ ਗੱਲ ਕਹੀ ਸੀ ਕਿ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਤੋਂ ਸਿਰਫ਼ ਬਸਪਾ ਦੇ ਉਮੀਦਵਾਰ ਹੀ ਚੋਣ ਲੜਨਗੇ।

ਇਸ ਨਾਲ ਅਕਾਲੀ ਦਲ ਬਾਦਲ ਵਿੱਚ ਸਿਆਸੀ ਖਲਬਲੀ ਮੱਚ ਗਈ ਅਤੇ ਇਸ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਬਿਆਨ ਦਿੰਦਿਆਂ ਕਿਹਾ ਕਿ ਬਸਪਾ ਪ੍ਰਧਾਨ ਦੇ ਉਪਰੋਕਤ ਬਿਆਨ ਨਾਲ ਬਸਪਾ-ਗੱਠਜੋੜ ਨੂੰ ਕੋਈ ਫਰਕ ਨਹੀਂ ਪਵੇਗਾ। ਚੀਮਾ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਐਨ.ਡੀ.ਏ ਅਤੇ ਭਾਰਤ ਗਠਜੋੜ ਦਾ ਹਿੱਸਾ ਨਹੀਂ ਹੈ, ਇਸ ਲਈ ਬਸਪਾ ਨਾਲ ਸਾਡੀ ਭਾਈਵਾਲੀ ਜਾਰੀ ਰਹੇਗੀ।

ਦੂਜੇ ਪਾਸੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਘੀ ਮੇਲੇ ‘ਤੇ ਇਹ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪਰ ਜਦੋਂ ਉਕਤ ਬਿਆਨਬਾਜ਼ੀ ਮਾਮਲੇ ਬਾਰੇ ‘ਜਗ ਬਾਣੀ’ ਦੇ ਇਕ ਪ੍ਰਤੀਨਿਧ ਨੇ ਬਸਪਾ ਸੂਬਾ ਪ੍ਰਧਾਨ ਨਾਲ ਉਨ੍ਹਾਂ ਦੇ ਫੋਨ ‘ਤੇ ਸੰਪਰਕ ਕਰ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਪਹਿਲਾਂ ਉਕਤ ਗੱਲ ਕਹੀ ਸੀ ਉਹ ਸਹੀ ਸੀ ਕਿ ਗਠਜੋੜ ਨੂੰ ਕਾਇਮ ਰੱਖਣ ਲਈ ਕਦੇ ਗਠਜੋੜ ਦੀ ਕੋਈ ਵੀ ਮੀਟਿੰਗ ਕਰਨੀ ਅਕਾਲੀ ਦਲ ਨੇ ਵਾਜਬ ਨਹੀਂ ਸਮਝੀ, ਜਦਕਿ ਸੰਗਰੂਰ ਅਤੇ ਜਲੰਧਰ ਜਿਮਨੀ ਚੋਣਾਂ ਵਿਚ ਬਸਪਾ ਨੇ ਅਕਾਲੀ ਦਲ ਦੀ ਡਟਵੀਂ ਮਦਦ ਕੀਤੀ ਸੀ।

ਜਦੋਂ ਸੂਬਾ ਪ੍ਰਧਾਨ ਨੂੰ ਇਹ ਪੁੱਛਿਆ ਗਿਆ ਕਿ ਬਸਪਾ ਦੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਨੇ ਵੀ ਲਖਨਊ ਵਿਖੇ ਦੇਸ਼ ਵਿਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਤਾਂ ਕੀ ਪੰਜਾਬ ਲਈ ਵੀ ਬਸਪਾ ਦਾ ਇਹੀ ਫ਼ੈਸਲਾ ਰਹੇਗਾ, ਤਦ ਬਸਪਾ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਮੁਦੇ ‘ਤੇ ਵਿਸ਼ੇਸ਼ ਮੀਟਿੰਗ ਭੈਣ ਕੁਮਾਰੀ ਮਾਇਆਵਤੀ ਨੇ 18 ਜਨਵਰੀ ਨੂੰ ਦਿੱਲੀ ਵਿਖੇ ਬੁਲਾਈ ਹੈ। ਉਸ ਦਿਨ ਅਕਾਲੀ-ਬਸਪਾ ਗਠਜੋੜ ਦਾ ਫੈਸਲਾ ਹੋ ਜਾਵੇਗਾ। ਗੜ੍ਹੀ ਨੇ ਵੀ ਬਸਪਾ-ਅਕਾਲੀ ਗਠਜੋੜ ਟੁੱਟਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਸਪਾ ਮਜ਼ਬੂਤ ਸਥਿਤੀ ਵਿਚ ਹੈ ਤੇ ਬਸਪਾ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ, ਸਗੋਂ ਬਾਕੀ ਪਾਰਟੀਆਂ ਨੂੰ ਬਸਪਾ ਦੀ ਲੋੜ ਹੈ।

ਉਕਤ ਮੀਟਿੰਗ ਲਈ ਸੂਬਾ ਪ੍ਰਧਾਨ ਦਿੱਲੀ 18 ਜਨਵਰੀ ਦੀ ਮੀਟਿੰਗ ਲਈ ਰਵਾਨਾ ਹੋ ਗਏ ਹਨ। ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਵੀ ਬਸਪਾ-ਅਕਾਲੀ ਗਠਜੋੜ ਟੁੱਟਣ ਦੀ ਉਡੀਕ ਵਿਚ ਹਨ ਕਿਉਂਕਿ ਅਕਾਲੀ ਦਲ ਬਸਪਾ ਦੇ ਸਹਿਯੋਗ ਨਾਲ ਹੀ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਜਿੱਤ ਸਕਿਆ ਸੀ। ਇੱਕ ਸੀਟ ਬਸਪਾ ਨੇ ਨਵਾਂਸ਼ਹਿਰ ਦੀ ਜਿੱਤੀ ਸੀ । ਪਰ ਇੱਕ ਗੱਲ ਪੱਕੀ ਹੈ ਕਿ ਜੇਕਰ ਬਸਪਾ-ਅਕਾਲੀ ਗਠਜੋੜ ਹੋ ਜਾਂਦਾ ਹੈ ਤਾਂ ਬਸਪਾ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਣੇ ਖਾਤੇ ਵਿਚ ਲੈ ਕੇ ਚੋਣ ਲੜੇਗੀ। ਹੁਣ ਬਸਪਾ ਦੇ ਅੱਗੇ ਅਤੇ ਅਕਾਲੀ ਦਲ ਪਿੱਛੇ ਹੋਣ ਦੀ ਸਥਿਤੀ ਬਸਪਾ ਦੇ ਸੂਬਾ ਪ੍ਰਧਾਨ ਦੇ ਬਿਆਨ ਤੋਂ ਸਾਫ਼ ਨਜ਼ਰ ਆ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments