Home ਧਰਮ ਕੇਦਾਰਨਾਥ ਯਾਤਰਾ ਮਾਰਗ ‘ਤੇ ਭਿਆਨਕ ਲੈਂਡਸਲਾਈਡ: ਐਸ.ਡੀ.ਆਰ.ਐਫ ਨੇ 10 ਹਜ਼ਾਰ ਤੋਂ ਵੱਧ...

ਕੇਦਾਰਨਾਥ ਯਾਤਰਾ ਮਾਰਗ ‘ਤੇ ਭਿਆਨਕ ਲੈਂਡਸਲਾਈਡ: ਐਸ.ਡੀ.ਆਰ.ਐਫ ਨੇ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾਇਆ

0

ਉੱਤਰਾਖੰਡ: ਉੱਤਰਾਖੰਡ ਦੇ ਕੇਦਾਰਨਾਥ ਯਾਤਰਾ ਯਾਤਰਾ ਮਾਰਗ ‘ਤੇ ਭਾਰੀ ਲੈਂਡਸਲਾਈਡ ਹੋਣ ਕਾਰਨ ਹੜਕੰਪ ਮਚ ਗਿਆ। ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਭਗਵਾਨ ਸ਼ਿਵ ਦੇ ਪ੍ਰਸਿੱਧ ਜਯੋਤੀਰਲਿੰਗ ਕੇਦਾਰਨਾਥ ਧਾਮ ਵੱਲ ਜਾਣ ਵਾਲੇ ਪੈਦਲ ਮਾਰਗ ‘ਤੇ ਅਚਾਨਕ ਜ਼ਮੀਨ ਖਿਸਕਣ ਕਾਰਨ ਹਜ਼ਾਰਾਂ ਸ਼ਰਧਾਲੂ ਰਸਤੇ ਵਿੱਚ ਫਸ ਗਏ। ਹਾਲਾਂਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਚਲਾ ਕੇ ਲਗਭਗ 10 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਐਸ.ਡੀ.ਆਰ.ਐਫ ਦੇ ਕਮਾਂਡੈਂਟ ਆਈ.ਪੀ.ਐੱਸ. ਅਪਰਨ ਯਦੁਵੰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨਪ੍ਰਯਾਗ ਅਤੇ ਗੌਰੀਕੁੰਡ ਦੇ ਵਿਚਕਾਰ ਸਥਿਤ ਮੁਨਕਟੀਆ ਖੇਤਰ ਵਿੱਚ ਦੇਰ ਰਾਤ ਅਚਾਨਕ ਪਹਾੜ ਦਾ ਵੱਡਾ ਹਿੱਸਾ ਖਿਸਕ ਗਿਆ। ਇਸ ਕਾਰਨ ਕੇਦਾਰਨਾਥ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਯਾਤਰੀਆਂ ਦੀ ਆਵਾਜਾਈ ਰੁਕ ਗਈ।

ਲੈਂਡਸਲਾਈਡ ਤੋਂ ਬਾਅਦ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਤ ਦਾ ਸਮਾਂ, ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜਾਂ ਤੋਂ ਡਿੱਗਦਾ ਮਲਬਾ ਰੈਸਕਿਊ ਟੀਮਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਇਸ ਦੇ ਬਾਵਜੂਦ ਐੱਸਡੀਆਰਐੱਫ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਕਾਰਵਾਈ ਸ਼ੁਰੂ ਕੀਤੀ।

ਰੈਸਕਿਊ ਟੀਮਾਂ ਨੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਸੁਰੱਖਿਅਤ ਬਾਹਰ ਕੱਢਿਆ। ਕਈ ਥਾਵਾਂ ‘ਤੇ ਮਲਬੇ ਅਤੇ ਟੁੱਟੇ ਰਸਤੇ ਕਾਰਨ ਯਾਤਰੀਆਂ ਨੂੰ ਪੈਦਲ ਅਤੇ ਰੱਸੀਆਂ ਦੀ ਮਦਦ ਨਾਲ ਬਾਹਰ ਲਿਆਂਦਾ ਗਿਆ। ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਖਾਣ-ਪੀਣ ਅਤੇ ਅਸਥਾਈ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ।

ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਯਾਤਰੀਆਂ ਨੂੰ ਬਿਨਾਂ ਲੋੜ ਪਹਾੜੀ ਖੇਤਰਾਂ ਵੱਲ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਕੇਦਾਰਨਾਥ ਯਾਤਰਾ ਦੌਰਾਨ ਹਰ ਸਾਲ ਲੱਖਾਂ ਸ਼ਰਧਾਲੂ ਧਾਮ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਪਰ ਮਾਨਸੂਨ ਦੇ ਦੌਰਾਨ ਪਹਾੜੀ ਇਲਾਕਿਆਂ ਵਿੱਚ ਲੈਂਡਸਲਾਈਡ ਅਤੇ ਬਾਰਿਸ਼ ਕਾਰਨ ਅਕਸਰ ਖਤਰਨਾਕ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਇਸ ਵਾਰ ਵੀ ਕੁਦਰਤੀ ਆਫ਼ਤ ਨੇ ਯਾਤਰੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ, ਹਾਲਾਂਕਿ ਸਮੇਂ ਸਿਰ ਚਲਾਏ ਗਏ ਰੈਸਕਿਊ ਆਪ੍ਰੇਸ਼ਨ ਨੇ ਵੱਡੇ ਹਾਦਸੇ ਨੂੰ ਟਾਲ ਦਿੱਤਾ।

NO COMMENTS

LEAVE A REPLY

Please enter your comment!
Please enter your name here

Exit mobile version