ਨਾਂਦੇੜ: ਸਿੱਖ ਕੌਮ ਦੇ ਮਹਾਨ ਤਖ਼ਤਾਂ ਵਿੱਚੋਂ ਇੱਕ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ ਵੱਲੋਂ ਗੁਰਦੁਆਰਾ ਸਾਹਿਬ ਦੇ ਪਵਿੱਤਰ ਨਾਂ ਅਤੇ ਤਸਵੀਰਾਂ ਦੀ ਵਪਾਰਕ ਵਰਤੋਂ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕੀਤਾ ਗਿਆ ਹੈ। ਪ੍ਰਬੰਧਕੀ ਬੋਰਡ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਕੁਝ ਲੋਕ ਅਤੇ ਵਪਾਰਕ ਅਦਾਰੇ ਆਪਣੇ ਕਾਰੋਬਾਰ ਅਤੇ ਇਸ਼ਤਿਹਾਰਬਾਜ਼ੀ ਲਈ ਤਖ਼ਤ ਸਾਹਿਬ ਦੇ ਨਾਂ ਅਤੇ ਤਸਵੀਰਾਂ ਦੀ ਗਲਤ ਤਰੀਕੇ ਨਾਲ ਵਰਤੋਂ ਕਰ ਰਹੇ ਹਨ, ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਸਿੱਖ ਕੌਮ ਦਾ ਬਹੁਤ ਹੀ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ। ਇਹ ਉਹ ਧਰਤੀ ਹੈ ਜਿਸਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਅਤੇ ਦੁਨੀਆ ਭਰ ਦੀ ਸੰਗਤ ਇਸ ਅਸਥਾਨ ਨਾਲ ਡੂੰਘੀ ਸ਼ਰਧਾ ਰੱਖਦੀ ਹੈ। ਅਜਿਹੇ ਪਵਿੱਤਰ ਅਸਥਾਨ ਦੇ ਨਾਂ ਜਾਂ ਤਸਵੀਰਾਂ ਨੂੰ ਨਿੱਜੀ ਲਾਭ ਜਾਂ ਵਪਾਰਕ ਮਕਸਦ ਲਈ ਵਰਤਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰਬੰਧਕੀ ਬੋਰਡ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ, ਪੋਸਟਰਾਂ, ਇਸ਼ਤਿਹਾਰਾਂ ਜਾਂ ਕਿਸੇ ਹੋਰ ਪ੍ਰਚਾਰ ਮਾਧਿਅਮ ਰਾਹੀਂ ਗੁਰਦੁਆਰਾ ਸਾਹਿਬ ਦੇ ਨਾਂ ਅਤੇ ਤਸਵੀਰਾਂ ਦੀ ਅਣਅਧਿਕਾਰਤ ਵਰਤੋਂ ਕਰਨ ਵਾਲਿਆਂ ਨੂੰ ਤੁਰੰਤ ਇਹ ਸਭ ਹਟਾਉਣ ਲਈ ਕਿਹਾ ਗਿਆ ਹੈ। ਬੋਰਡ ਨੇ ਇਹ ਵੀ ਕਿਹਾ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਅਤੇ ਮਰਯਾਦਾ ਨੂੰ ਬਣਾਈ ਰੱਖਣਾ ਹਰ ਸਿੱਖ ਅਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਪ੍ਰੈਸ ਨੋਟ ਵਿੱਚ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਾਂ ਸੰਸਥਾ ਤਖ਼ਤ ਸਾਹਿਬ ਦੇ ਨਾਂ ਜਾਂ ਤਸਵੀਰਾਂ ਦੀ ਗਲਤ ਅਤੇ ਬਿਨਾਂ ਮਨਜ਼ੂਰੀ ਵਰਤੋਂ ਕਰਦੀ ਪਾਈ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਮਿਲਣ ਵਾਲੀ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।
ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵਪਾਰਕ ਵਰਤੋਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਤਖ਼ਤ ਸਾਹਿਬ ਵੱਲੋਂ ਜਾਰੀ ਇਹ ਚੇਤਾਵਨੀ ਧਾਰਮਿਕ ਅਸਥਾਨਾਂ ਦੀ ਮਰਯਾਦਾ ਨੂੰ ਬਰਕਰਾਰ ਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
