ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਕਰੀਅਰ ਅਤੇ ਫ਼ਿਲਮਾਂ ਦੀ ਚੋਣ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਸ਼ਾਹਰੁਖ ਖਾਨ ਨਾਲ 2023 ਦੀ ਫ਼ਿਲਮ Dunki ਵਿੱਚ ਕੰਮ ਕਰਨ ਤੋਂ ਬਾਅਦ ਤਾਪਸੀ ਨੂੰ ਉਮੀਦ ਸੀ ਕਿ ਉਨ੍ਹਾਂ ਲਈ ਵੱਡੇ ਪੱਧਰ ਦੀਆਂ ਕਮਰਸ਼ੀਅਲ ਫ਼ਿਲਮਾਂ ਦੇ ਦਰਵਾਜ਼ੇ ਖੁੱਲ੍ਹਣਗੇ। ਹਾਲਾਂਕਿ, ਅਦਾਕਾਰਾ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ Dunki ਤੋਂ ਬਾਅਦ ਉਮੀਦ ਮੁਤਾਬਕ ਵੱਡੇ ਪ੍ਰੋਜੈਕਟ ਨਹੀਂ ਮਿਲੇ।
ਤਾਪਸੀ ਨੇ ਹਾਲੀਆ ਗੱਲਬਾਤ ਦੌਰਾਨ ਫ਼ਿਲਮ ਇੰਡਸਟਰੀ ਵਿੱਚ ਕਾਸਟਿੰਗ ਅਤੇ ਮੌਕਿਆਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੇ ਮੁਤਾਬਕ ਕਿਸੇ ਕਲਾਕਾਰ ਲਈ ਸਿਰਫ਼ ਟੈਲੈਂਟਮੰਦ ਹੋਣਾ ਕਾਫ਼ੀ ਨਹੀਂ ਹੈ। ਫ਼ਿਲਮਾਂ ਵਿੱਚ ਕੰਮ ਮਿਲਣ ਲਈ ਮਾਰਕੀਟ ਵੈਲਿਊ, ਸੰਪਰਕ ਅਤੇ ਪ੍ਰਭਾਵ ਵਰਗੇ ਕਈ ਹੋਰ ਕਾਰਕ ਵੀ ਮਹੱਤਵ ਰੱਖਦੇ ਹਨ।
ਤਾਪਸੀ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਵਿੱਚ ਕਿਸੇ ਇੱਕ ਅਦਾਕਾਰ ਲਈ ਕੋਈ ਰੋਲ ਪੱਕੇ ਤੌਰ ’ਤੇ ਰਾਖਵਾਂ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਸਮੇਂ ਇੱਕ ਕਲਾਕਾਰ ਦੀ ਥਾਂ ਦੂਜਾ ਕਲਾਕਾਰ ਲਿਆ ਜਾ ਸਕਦਾ ਹੈ। ਇਸ ਲਈ ਕਿਸੇ ਅਦਾਕਾਰ ਦੀ ਸਫਲਤਾ ਸਿਰਫ਼ ਉਸ ਦੀ ਕਲਾ ’ਤੇ ਨਿਰਭਰ ਨਹੀਂ ਕਰਦੀ।
ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਇੰਡਸਟਰੀ ਵਿੱਚ ਸੰਪਰਕ ਅਤੇ ਪ੍ਰਭਾਵ ਦੀ ਘਾਟ ਕਈ ਵਾਰ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਵੱਡੇ ਮੌਕਿਆਂ ਤੱਕ ਪਹੁੰਚ ਵਿੱਚ ਰੁਕਾਵਟ ਬਣ ਸਕਦੀ ਹੈ। ਤਾਪਸੀ ਨੇ ਆਪਣੇ ਬਾਰੇ ਗੱਲ ਕਰਦਿਆਂ ਮੰਨਿਆ ਕਿ ਉਹ ਇੰਡਸਟਰੀ ਦੇ ਸੰਪਰਕਾਂ ਅਤੇ ਪ੍ਰਭਾਵ ਦੇ ਮਾਮਲੇ ਵਿੱਚ ਕੁਝ ਹੋਰ ਕਲਾਕਾਰਾਂ ਤੋਂ ਪਿੱਛੇ ਰਹਿੰਦੀ ਹੈ।
