Home ਪੰਜਾਬ ਜਲੰਧਰ ਦੇ ਸਕੂਲ ’ਚ ਦਾਖ਼ਲ ਹੋਇਆ ਸ਼ੱਕੀ ਵਿਅਕਤੀ

ਜਲੰਧਰ ਦੇ ਸਕੂਲ ’ਚ ਦਾਖ਼ਲ ਹੋਇਆ ਸ਼ੱਕੀ ਵਿਅਕਤੀ

0

ਜਲੰਧਰ: ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ ਸਥਿਤ ਮਾਤਾ ਗੁਜਰੀ ਖ਼ਾਲਸਾ ਮਾਡਰਨ ਸਕੂਲ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਦਾਖ਼ਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ। ਬੱਚੇ ਦੀ ਮਾਂ ਵੱਲੋਂ ਸ਼ੱਕ ਜ਼ਾਹਰ ਕਰਕੇ ਰੌਲਾ ਪਾਉਣ ਤੋਂ ਬਾਅਦ ਮਾਪਿਆਂ ਅਤੇ ਸਕੂਲ ਸਟਾਫ਼ ਦੀ ਮਦਦ ਨਾਲ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਉਸ ਨੂੰ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਇੱਕ ਮਹਿਲਾ ਆਪਣੇ ਬੱਚੇ ਨੂੰ ਸਕੂਲ ਛੱਡਣ ਲਈ ਆਈ ਸੀ। ਉਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਉਸ ਦੇ ਪਿੱਛੇ-ਪਿੱਛੇ ਸਕੂਲ ਦੇ ਅੰਦਰ ਦਾਖ਼ਲ ਹੋ ਗਿਆ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਸ ਤੋਂ ਸਕੂਲ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਵੱਖ-ਵੱਖ ਜਵਾਬ ਦਿੱਤੇ।

ਮਹਿਲਾ ਮੁਤਾਬਕ ਪਹਿਲਾਂ ਉਸ ਨੇ ਬੱਚੇ ਦੀ ਐਡਮਿਸ਼ਨ ਕਰਵਾਉਣ ਲਈ ਆਉਣ ਦੀ ਗੱਲ ਕਹੀ ਅਤੇ ਬਾਅਦ ਵਿੱਚ ਬੱਚੇ ਨੂੰ ਛੱਡਣ ਜਾਂ ਕਿਸੇ ਭਰਾ ਨੂੰ ਮਿਲਣ ਲਈ ਆਉਣ ਬਾਰੇ ਦੱਸਿਆ। ਇਸ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਨੂੰ ਉਸ ’ਤੇ ਸ਼ੱਕ ਹੋਇਆ।

ਘਟਨਾ ਤੋਂ ਬਾਅਦ ਸਕੂਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕੁਝ ਮਾਪਿਆਂ ਨੇ ਸਕੂਲ ਦੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਬਿਨਾਂ ਸਪੱਸ਼ਟ ਪਛਾਣ ਦੇ ਕੋਈ ਵਿਅਕਤੀ ਸਕੂਲ ਅੰਦਰ ਦਾਖ਼ਲ ਹੋ ਸਕਦਾ ਹੈ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣਦੀ ਹੈ।

ਇੱਕ ਹੋਰ ਮਹਿਲਾ ਨੇ ਕਿਹਾ ਕਿ ਉਸ ਦਾ ਬੱਚਾ ਵੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਮਾਪਿਆਂ ਨੂੰ ਆਮ ਤੌਰ ’ਤੇ ਸੁਰੱਖਿਆ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਇਸ ਕਾਰਨ ਉਸ ਨੇ ਵੀ ਇਸ ਘਟਨਾ ’ਤੇ ਸਵਾਲ ਖੜ੍ਹੇ ਕੀਤੇ।

ਕਾਫ਼ੀ ਦੇਰ ਤੱਕ ਹੰਗਾਮਾ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।

ਸਕੂਲ ਪ੍ਰਬੰਧਕਾਂ ਮੁਤਾਬਕ ਵਿਅਕਤੀ ਨੇ ਬੱਚੇ ਦੀ ਐਡਮਿਸ਼ਨ ਸਬੰਧੀ ਸਕੂਲ ਆਉਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਉਸ ਨੂੰ ਰਿਸੈਪਸ਼ਨ ਤੱਕ ਜਾਣ ਦਿੱਤਾ ਗਿਆ। ਇਸ ਦੌਰਾਨ ਮਾਪਿਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਉਸ ਦੀਆਂ ਗੱਲਾਂ ’ਤੇ ਸ਼ੱਕ ਹੋਇਆ ਅਤੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਹੁਣ ਵਿਅਕਤੀ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਸਕੂਲ ਵਿੱਚ ਕਿਸ ਮਕਸਦ ਨਾਲ ਦਾਖ਼ਲ ਹੋਇਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version