Home ਮਨੋਰੰਜਨ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ’ਚ ਆਖਰੀ ਮੌਕਾ

ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ’ਚ ਆਖਰੀ ਮੌਕਾ

0

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਦੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਤੋਂ ਫਿਲਹਾਲ ਰਾਹਤ ਮਿਲੀ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਉਨ੍ਹਾਂ ਨੂੰ ਆਖਰੀ ਮੌਕਾ ਦਿੰਦਿਆਂ ਦੋ ਹਫ਼ਤਿਆਂ ਦੇ ਅੰਦਰ ਸੁਪਰੀਮ ਕੋਰਟ ਰਜਿਸਟਰੀ ਵਿੱਚ ਘੱਟੋ-ਘੱਟ 2 ਕਰੋੜ ਰੁਪਏ ਜਮ੍ਹਾ ਕਰਨ ਲਈ ਕਿਹਾ ਹੈ। ਅਦਾਲਤ ਨੇ ਇਸ ਦੇ ਨਾਲ ਉਨ੍ਹਾਂ ਨੂੰ ਆਪਣਾ ਪਾਸਪੋਰਟ ਵੀ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।

ਸੁਪਰੀਮ ਕੋਰਟ ਵਿੱਚ ਰਾਜਪਾਲ ਯਾਦਵ ਨਾਲ ਸਬੰਧਤ ਚੈੱਕ ਬਾਊਂਸ ਦੇ ਸੱਤ ਮਾਮਲੇ ਚੱਲ ਰਹੇ ਹਨ। ਇਹ ਮਾਮਲੇ ਮੁੰਬਈ ਸਥਿਤ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਵਿੱਤੀ ਵਿਵਾਦ ਨਾਲ ਸਬੰਧਤ ਹਨ। ਰਿਪੋਰਟਾਂ ਮੁਤਾਬਕ ਵਿਵਾਦ ਦੀ ਜੜ੍ਹ 2010 ਵਿੱਚ ਫਿਲਮ ਪ੍ਰੋਜੈਕਟ ਲਈ ਲਏ ਗਏ ਕਰਜ਼ੇ ਨਾਲ ਜੁੜੀ ਹੈ। ਬਾਅਦ ਵਿੱਚ ਇਸ ਰਕਮ ਦੀ ਅਦਾਇਗੀ ਲਈ ਜਾਰੀ ਕੀਤੇ ਗਏ ਚੈੱਕ ਬਾਊਂਸ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਹੋਈ।

ਸੁਣਵਾਈ ਦੌਰਾਨ ਬੈਂਚ ਨੇ ਰਾਜਪਾਲ ਯਾਦਵ ਦੇ ਪਿਛਲੇ ਵਿਵਹਾਰ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ। ਰਿਪੋਰਟਾਂ ਮੁਤਾਬਕ ਚੀਫ ਜਸਟਿਸ ਸੂਰਿਆ ਕਾਂਤ ਨੇ ਉਨ੍ਹਾਂ ਦੇ ਅਦਾਕਾਰ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਅਦਾਕਾਰੀ ਅਤੇ ਡਰਾਮਾ ਕਰਨ ਵਿੱਚ ਮਾਹਰ ਹਨ ਅਤੇ ਅਦਾਲਤ ਵਿੱਚ ਵੀ ਅਜਿਹਾ ਹੀ ਨਾ ਕਰ ਰਹੇ ਹੋਣ, ਇਸ ’ਤੇ ਭਰੋਸਾ ਕਰਨਾ ਮੁਸ਼ਕਲ ਹੈ।

ਅਦਾਲਤ ਨੇ ਰਾਜਪਾਲ ਯਾਦਵ ਨੂੰ ਸਪੱਸ਼ਟ ਕਰ ਦਿੱਤਾ ਕਿ ਇਹ ਉਨ੍ਹਾਂ ਲਈ ਆਖਰੀ ਮੌਕਾ ਹੈ। ਉਨ੍ਹਾਂ ਦੇ ਵਕੀਲ ਵੱਲੋਂ ਅਦਾਲਤ ਨੂੰ ਭਰੋਸਾ ਦਿੱਤਾ ਗਿਆ ਕਿ ਦੋ ਹਫ਼ਤਿਆਂ ਅੰਦਰ ਘੱਟੋ-ਘੱਟ 2 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਜਮ੍ਹਾ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪਾਸਪੋਰਟ ਅਦਾਲਤ ਵਿੱਚ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਚੈੱਕ ਬਾਊਂਸ ਦੇ ਸੱਤ ਮਾਮਲਿਆਂ ਵਿੱਚ ਰਾਜਪਾਲ ਯਾਦਵ ਦੀ ਦੋਸ਼ਸਿੱਧੀ ਬਰਕਰਾਰ ਰੱਖਦਿਆਂ ਹਰੇਕ ਮਾਮਲੇ ਵਿੱਚ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸੱਤੋਂ ਸਜ਼ਾਵਾਂ ਇਕੱਠੇ ਚੱਲਣੀਆਂ ਸਨ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੁਰੰਤ ਸਰੈਂਡਰ ਕਰਨ ਤੋਂ ਅੰਤਰਿਮ ਰਾਹਤ ਦਿੱਤੀ ਸੀ।

ਹੁਣ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਰਾਜਪਾਲ ਯਾਦਵ ਨੂੰ ਅਦਾਲਤ ਵੱਲੋਂ ਤੈਅ ਕੀਤੀ ਗਈ ਰਕਮ ਜਮ੍ਹਾ ਕਰਵਾਉਣ ਅਤੇ ਹੋਰ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version