Home ਪੰਜਾਬ ਜਲੰਧਰ ’ਚ ਬਿਨਾਂ HSRP ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ

ਜਲੰਧਰ ’ਚ ਬਿਨਾਂ HSRP ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ

0

ਜਲੰਧਰ: ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਅਪਰਾਧਿਕ ਘਟਨਾਵਾਂ ’ਤੇ ਕਾਬੂ ਪਾਉਣ ਲਈ ਪੁਲਿਸ ਕਮਿਸ਼ਨਰੇਟ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਡੀਸੀਪੀ ਲਾਅ ਐਂਡ ਆਰਡਰ ਜਗਰੂਪ ਬਾਠ ਨੇ ਦੱਸਿਆ ਕਿ ਹੁਣ ਬਿਨਾਂ ਨੰਬਰ ਪਲੇਟ ਜਾਂ ਨਿਯਮਾਂ ਅਨੁਸਾਰ ਨੰਬਰ ਪਲੇਟ ਨਾ ਲੱਗੀ ਹੋਣ ਵਾਲੇ ਵਾਹਨਾਂ ਨੂੰ ਪੈਟਰੋਲ, ਡੀਜ਼ਲ ਅਤੇ CNG ਨਹੀਂ ਦਿੱਤੀ ਜਾਵੇਗੀ।

ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ ਅਤੇ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਲਾਗੂ ਹੋਣਗੇ।

HSRP ਨਾ ਹੋਣ ’ਤੇ ਨਹੀਂ ਮਿਲੇਗਾ ਈਂਧਨ

ਡੀਸੀਪੀ ਮੁਤਾਬਕ ਸ਼ਹਿਰ ਵਿੱਚ ਕਈ ਵਾਹਨ ਬਿਨਾਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਜਾਂ ਖ਼ਰਾਬ, ਟੁੱਟੀ ਅਤੇ ਬਦਲੀ ਹੋਈ ਨੰਬਰ ਪਲੇਟ ਨਾਲ ਚੱਲ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਵਾਹਨ ਮੋਟਰ ਵਹੀਕਲ ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਅਪਰਾਧਿਕ ਘਟਨਾਵਾਂ ਵਿੱਚ ਵੀ ਵਰਤੇ ਜਾ ਸਕਦੇ ਹਨ, ਜਿਸ ਕਾਰਨ ਵਾਹਨ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਨਵੇਂ ਹੁਕਮਾਂ ਤਹਿਤ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਸ ਵਾਹਨ ’ਤੇ HSRP ਨਾ ਹੋਵੇ ਜਾਂ ਨੰਬਰ ਪਲੇਟ ਨਾਲ ਛੇੜਛਾੜ ਕੀਤੀ ਗਈ ਹੋਵੇ, ਉਸ ਨੂੰ ਪੈਟਰੋਲ, ਡੀਜ਼ਲ ਜਾਂ CNG ਨਾ ਦਿੱਤੀ ਜਾਵੇ।

ਇਹ ਨਿਯਮ ਦੋਪਹੀਆ, ਤਿੰਨਪਹੀਆ, ਚਾਰਪਹੀਆ ਅਤੇ ਕਮਰਸ਼ੀਅਲ ਵਾਹਨਾਂ ’ਤੇ ਵੀ ਲਾਗੂ ਹੋਵੇਗਾ।

ਐਮਰਜੈਂਸੀ ਵਾਹਨਾਂ ਨੂੰ ਮਿਲੇਗੀ ਛੋਟ

ਹੁਕਮਾਂ ਵਿੱਚ ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨਾਂ ਅਤੇ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਰੈਸਟੋਰੈਂਟ, ਢਾਬਿਆਂ ਤੇ ਬਾਰਾਂ ਲਈ ਵੀ ਸਖ਼ਤ ਹਦਾਇਤਾਂ

ਡੀਸੀਪੀ ਜਗਰੂਪ ਬਾਠ ਨੇ ਰੈਸਟੋਰੈਂਟਾਂ, ਹਾਲਾਂ, ਢਾਬਿਆਂ, ਬਾਰਾਂ ਅਤੇ ਕੈਫੇ ਦੇ ਸੰਚਾਲਕਾਂ ਨੂੰ ਵੀ ਹਥਿਆਰਾਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਕੁਝ ਲੋਕ ਲਾਇਸੈਂਸੀ ਹਥਿਆਰ ਲੈ ਕੇ ਅਜਿਹੀਆਂ ਥਾਵਾਂ ’ਤੇ ਪਹੁੰਚ ਜਾਂਦੇ ਹਨ ਅਤੇ ਹਥਿਆਰ ਮੇਜ਼ ’ਤੇ ਰੱਖ ਦਿੰਦੇ ਹਨ। ਪੁਲਿਸ ਮੁਤਾਬਕ ਆਰਮਜ਼ ਐਕਟ ਤਹਿਤ ਇਸ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।

ਇਸ ਦੇ ਮੱਦੇਨਜ਼ਰ ਰੈਸਟੋਰੈਂਟ, ਹਾਲ, ਢਾਬੇ, ਬਾਰ ਅਤੇ ਕੈਫੇ ਮਾਲਕਾਂ ਨੂੰ ਆਪਣੇ ਅਦਾਰਿਆਂ ਵਿੱਚ ‘ਹਥਿਆਰ ਲਿਆਉਣਾ ਮਨਾਹੀ ਹੈ’ ਵਾਲੇ ਸਪੱਸ਼ਟ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਨੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਖ਼ਤੀ ਵਰਤਣ ਦੀ ਗੱਲ ਕਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version