Home ਪੰਜਾਬ ਸ਼ਹਿਰ ‘ਚ ਚੱਲ ਰਹੀਆਂ ਤੇ ਨਵੀਆਂ ਖੁੱਲ੍ਹੀਆਂ ਸਕਰੈਪ ਦੀਆਂ ਦੁਕਾਨਾਂ ‘ਤੇ ਸ਼ਿਕੰਜਾ...

ਸ਼ਹਿਰ ‘ਚ ਚੱਲ ਰਹੀਆਂ ਤੇ ਨਵੀਆਂ ਖੁੱਲ੍ਹੀਆਂ ਸਕਰੈਪ ਦੀਆਂ ਦੁਕਾਨਾਂ ‘ਤੇ ਸ਼ਿਕੰਜਾ ਕੱਸਣ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ

0

ਲੁਧਿਆਣਾ : ਪੁਲਿਸ ਕਮਿਸ਼ਨਰੇਟ ਨੇ ਸ਼ਹਿਰ ‘ਚ ਚੱਲ ਰਹੀਆਂ ਅਤੇ ਨਵੀਆਂ ਖੁੱਲ੍ਹੀਆਂ ਸਕਰੈਪ ਦੀਆਂ ਦੁਕਾਨਾਂ ‘ਤੇ ਸ਼ਿਕੰਜਾ ਕੱਸਣ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਸਖ਼ਤ ਕਦਮ ਅਪਰਾਧਿਕ ਤੱਤਾਂ ਵੱਲੋਂ ਚੋਰੀ ਦਾ ਸਾਮਾਨ ਅਤੇ ਵਾਹਨ ਸਕਰੈਪ ਡੀਲਰਾਂ ਨੂੰ ਵੇਚਣ, ਸਾਮਾਨ ਸਾੜ ਕੇ ਪ੍ਰਦੂਸ਼ਣ ਫੈਲਾਉਣ , ਸੜਕਾਂ ‘ਤੇ ਨਾਕਾਬੰਦੀ ਕਰਨ ਅਤੇ ਆਵਾਜਾਈ ਵਿੱਚ ਵਿਘਨ ਪਾਉਣ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜੇਕਰ ਕੋਈ ਵੀ ਸਕਰੈਪ ਡੀਲਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਜਾਂ ਲਾਪਰਵਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐਡੀਸ਼ਨਲ ਸੀ.ਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਕਰੈਪ ਡੀਲਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਤਾਰਾਂ, ਟਰਾਂਸਫਾਰਮਰ, ਦੋਪਹੀਆ ਵਾਹਨ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨ ਬਿਨਾਂ ਕਿਸੇ ਖਰੀਦ-ਵੇਚ ਦੇ ਰਿਕਾਰਡ ਤੋਂ ਖਰੀਦੇ ਜਾ ਰਹੇ ਹਨ। ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਚੋਰੀ ਦਾ ਸਮਾਨ ਅਤੇ ਵਾਹਨਾਂ ਨੂੰ ਸਕਰੈਪ ਵਜੋਂ ਵੇਚਦੇ ਹਨ। ਇਸ ਤੋਂ ਇਲਾਵਾ ਸਫ਼ਾਈ ਸੇਵਕ ਖੁੱਲ੍ਹੇ ਵਿੱਚ ਸਕਰੈਪ ਪਲਾਸਟਿਕ ਜਾਂ ਤਾਰਾਂ ਨੂੰ ਅੱਗ ਲਗਾ ਕੇ ਵੱਡੇ ਪੱਧਰ ’ਤੇ ਹਵਾ ਪ੍ਰਦੂਸ਼ਣ ਫੈਲਾਉਂਦੇ ਹਨ, ਬਿਜਲੀ ਚੋਰੀ ਕਰਦੇ ਹਨ ਅਤੇ ਸਾਮਾਨ ਸੜਕਾਂ ’ਤੇ ਰੱਖ ਕੇ ਟਰੈਫਿਕ ਜਾਮ ਪੈਦਾ ਕਰਦੇ ਹਨ।

ਸਕਰੈਪ ਡੀਲਰਾਂ ਲਈ ਜਾਰੀ ਕੀਤੇ ਸਖ਼ਤ ਦਿਸ਼ਾ-ਨਿਰਦੇਸ਼:
ਹਰੇਕ ਸਕਰੈਪ ਡੀਲਰ ਨੂੰ ਇੱਕ ਵਿਸ਼ੇਸ਼ ਰਜਿਸਟਰ ਰੱਖਣਾ ਹੋਵੇਗਾ ਜਿਸ ਵਿੱਚ ਵਿਕਰੇਤਾ ਅਤੇ ਮਾਲ ਦੇ ਖਰੀਦਦਾਰ ਦਾ ਪੂਰਾ ਨਾਮ, ਪਤਾ, ਸੰਪਰਕ ਨੰਬਰ ਅਤੇ ਮਾਲ ਦੀ ਪੂਰੀ ਕਿਸਮ (ਜਿਵੇਂ ਵਾਹਨ, ਤਾਰ, ਧਾਤੂ ਆਦਿ) ਦਰਜ ਕਰਨਾ ਹੋਵੇਗਾ। ਦੁਕਾਨਦਾਰ ਹਰ ਮਹੀਨੇ ਦੇ ਪਹਿਲੇ ਹਫ਼ਤੇ ਇਹ ਰਜਿਸਟਰ ਸਬੰਧਤ ਜ਼ੋਨ ਦੇ ਏ.ਡੀ.ਸੀ.ਪੀ. ਕੋਲ ਜਮ੍ਹਾ ਕਰਵਾਉਣ। ਜਿਹੜੇ ਲੋਕ ਪੁਰਾਣੇ ਜਾਂ ਕਬਾੜ ਵਾਹਨ ਖਰੀਦਦੇ ਹਨ, ਉਨ੍ਹਾਂ ਲਈ ਸਬੰਧਤ ਆਰ.ਟੀ.ਓ ਦਫ਼ਤਰ ਜਾ ਕੇ ਉਨ੍ਹਾਂ ਵਾਹਨਾਂ ਦੀ ਆਰਸੀ ਕੈਂਸਲ ਕਰਵਾਉਣੀ ਲਾਜ਼ਮੀ ਹੋਵੇਗੀ। ਸਾਰੀਆਂ ਮੌਜੂਦਾ ਅਤੇ ਨਵੀਆਂ ਸਕਰੈਪ ਦੀਆਂ ਦੁਕਾਨਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ, ਬਿਜਲੀ ਬੋਰਡ, ਫਾਇਰ ਬ੍ਰਿਗੇਡ ਅਤੇ ਨਗਰ ਨਿਗਮ ਲੁਧਿਆਣਾ ਤੋਂ ਲੋੜੀਂਦੀ ਇਜਾਜ਼ਤ ਅਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲੈਣਾ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਅਣ-ਅਧਿਕਾਰਤ ਜਾਂ ਚੋਰੀ ਹੋਏ ਸਮਾਨ ਦੀ ਖਰੀਦੋ-ਫਰੋਖਤ ਅਤੇ ਖੁੱਲ੍ਹੇ ਵਿੱਚ ਕਬਾੜ ਨੂੰ ਅੱਗ ਲਗਾਉਣ ‘ਤੇ ਤੁਰੰਤ ਪ੍ਰਭਾਵ ਨਾਲ ਮੁਕੰਮਲ ਪਾਬੰਦੀ ਲਗਾਈ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version